ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਥਾਣਿਆਂ 'ਚ ਅਕਾਲੀ ਦਲ ਤੇ ਕਾਂਗਰਸੀ ਲੀਡਰਾਂ ਦੇ ਰਸੂਖ ਤੋਂ ਔਖੇ ਹਨ। ਇਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪੰਜਾਬ ਦੇ ਥਾਣਿਆਂ ਦਾ ਪੂਰਾ ਸਟਾਫ ਬਦਲਣ ਦੀ ਮੰਗ ਕੀਤੀ ਹੈ। ‘ਆਪ’ ਵਿਧਾਇਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ ਕਿ ਥਾਣਿਆਂ ਵਿੱਚ ਮੁਨਸ਼ੀ ਤੋਂ ਲੈ ਕੇ ਐਸਐਚਓ ਤੱਕ ਸਾਰੇ ਪੁਲਿਸ ਅਧਿਕਾਰੀ ਬਦਲੇ ਜਾਣ।


ਦਰਅਸਲ ਬੇਸ਼ੱਕ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਪਰ ਥਾਣਿਆਂ 'ਚ ਅਜੇ ਵੀ ਅਕਾਲੀ ਦਲ ਤੇ ਕਾਂਗਰਸੀ ਲੀਡਰਾਂ ਦੀ ਚੱਲਦੀ ਹੈ। ਇਸ ਗੱਲ ਤੋਂ ਆਮ ਆਦਮੀ ਪਾਰਟੀ ਦੇ ਲੀਡਰ ਔਖੇ ਹਨ। ਇਹ ਸ਼ਿਕਾਇਤਾਂ ਹੇਠਲੇ ਪੱਧਰ ਉੱਪਰ ਵਰਕਰ ਵੀ ਕਰ ਰਹੇ ਹਨ। ਇਸ ਲਈ ਥਾਣਿਆਂ ਦਾ ਪੂਰਾ ਸਟਾਫ ਬਦਲਣ ਦੀ ਮੰਗ ਉੱਠੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਵੱਡੇ ਪੱਧਰ ਉੱਪਰ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਹੋਏ ਹਨ ਪਰ ਹੇਠਲੇ ਪੱਧਰ ਉੱਪਰ ਕੋਈ ਤਬਦੀਲੀ ਨਹੀਂ ਹੋਈ। ਇਸ ਲਈ ਥਾਣਿਆਂ ਅੰਦਰ ਅਜੇ ਵੀ ਅਕਾਲੀ ਦਲ ਤੇ ਕਾਂਗਰਸੀ ਲੀਡਰਾਂ ਦਾ ਰਸੂਖ ਕਾਇਮ ਹੈ। ਇਸ ਗੱਲ ਆਮ ਆਦਮੀ ਪਾਰਟੀ ਦੀ ਲੀਡਰਾਂ ਨੂੰ ਰਾਸ ਨਹੀਂ ਆ ਰਹੀ।


ਕਾਬਲੇਗੌਰ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਸਰਕਾਰ ਦਾ ਇੱਕ ਮਹੀਨਾ ਪੂਰਾ ਹੋਣ ਮਗਰੋਂ ਸੋਮਵਾਰ ਨੂੰ ‘ਆਪ’ ਵਿਧਾਇਕਾਂ ਨਾਲ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ’ਤੇ ਮੀਟਿੰਗ ਕੀਤੀ। ਇਸ ਦੌਰਾਨ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕਾਂ ਨੂੰ ਸੱਦਿਆ ਗਿਆ, ਜਿਨ੍ਹਾਂ ਤੋਂ ਮੁੱਖ ਮੰਤਰੀ ਨੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੀ ਰਿਪੋਰਟ ਲਈ ਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਕੰਮਾਂ ਬਾਰੇ ਗੱਲਬਾਤ ਕੀਤੀ। ਮੁੱਖ ਮੰਤਰੀ ਨਾਲ ਮੀਟਿੰਗ ਵਿੱਚ ਸੂਬੇ ਦੇ ਵਿਧਾਇਕਾਂ ਨੇ ਥਾਣਿਆਂ ਵਿੱਚ ਮੁਨਸ਼ੀ ਤੋਂ ਲੈ ਕੇ ਐਸਐਚਓ ਤੱਕ ਸਾਰੇ ਪੁਲੀਸ ਅਧਿਕਾਰੀ ਬਦਲਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ‘ਆਪ’ ਵਿਧਾਇਕਾਂ ਨੇ ਸਰਕਾਰੀ ਖ਼ਜ਼ਾਨੇ ਨੂੰ ਖੋਰਾ ਲਗਾਉਣ ਵਾਲੇ ਰਾਜਸੀ ਆਗੂਆਂ ਤੇ ਅਫ਼ਸਰਾਂ ਦੀ ਰਿਪੋਰਟ ਵੀ ਮੁੱਖ ਮੰਤਰੀ ਨੂੰ ਸੌਂਪੀ ਹੈ।


ਵਿਧਾਇਕਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕਈ ਥਾਵਾਂ ’ਤੇ ਅਧਿਕਾਰੀ ਹਾਲੇ ਵੀ ਭ੍ਰਿਸ਼ਟਾਚਾਰ ਕਰ ਰਹੇ ਹਨ ਤੇ ਵਿਧਾਇਕਾਂ ਦੀ ਗੱਲ ਨਹੀਂ ਸੁਣਦੇ। ਇਸ ਦੇ ਨਾਲ ਹੀ ਵਿਧਾਇਕਾਂ ਨੇ ਦੱਸਿਆ ਕਿ ਸੂਬੇ ਦੇ ਕਈ ਇਲਾਕਿਆਂ ਵਿੱਚ ਨਸ਼ਿਆਂ ਦਾ ਕਾਰੋਬਾਰ ਜ਼ੋਰਾਂ ’ਤੇ ਚੱਲ ਰਿਹਾ ਹੈ, ਜਿਸ ’ਤੇ ਨੱਥ ਪਾਉਣ ਲਈ ਸਖ਼ਤੀ ਦੀ ਲੋੜ ਹੈ। ਵਿਧਾਇਕਾਂ ਨੇ ਸੂਬੇ ਦੇ ਥਾਣਿਆਂ ਵਿੱਚ ਸਾਰਾ ਸਟਾਫ਼ ਤੱਕ ਬਦਲਣ ਦੀ ਮੰਗ ਕੀਤੀ ਹੈ।


ਇਹ ਵੀ ਪੜ੍ਹੋ: Punjab Weather Forecast: ਪੰਜਾਬ 'ਚ ਅਗਲੇ 5 ਦਿਨਾਂ ਤੱਕ ਮੀਂਹ, ਧੂੜ ਭਰੀ ਹਨ੍ਹੇਰੀ ਕਰੇਗੀ ਪ੍ਰੇਸ਼ਾਨ, ਜਾਣੋ ਮੌਸਮ ਦੀ ਤਾਜ਼ਾ ਅਪਡੇਟ