ਇਸ ਮਗਰੋਂ ਭਗਵੰਤ ਮਾਨ ਨੇ ਬਸਪਾ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਤੇ ਖੱਬੇਪੱਖੀ ਧਿਰਾਂ ਨਾਲ ਗੱਲ਼ ਚਲਾਈ। ਬਸਪਾ ਤੇ ਕੁਝ ਖੱਬੇਪੱਖੀ ਧਿਰਾਂ ਨੇ ਤਾਂ ਸੁਖਪਾਲ ਖਹਿਰਾ ਦੇ ਧੜੇ ਵਾਲੇ ਪੰਜਾਬ ਜਮਹੂਰੀ ਗੱਠਜੋੜ ਨਾਲ ਆੜੀ ਪਾ ਲਈ ਹੈ। ਟਕਸਾਲੀਆਂ ਨਾਲ ਵੀ ਆਨੰਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਅੜਿੱਕਾ ਪਿਆ ਹੋਇਆ ਹੈ। ਇਸ ਲਈ ਹੁਣ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਇਕੱਲੇ ਹੀ ਮੈਦਾਨ ਵਿੱਚ ਨਿੱਤਰਣਾ ਪੈ ਸਕਦਾ ਹੈ।
ਇਸ ਬਾਰੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਅਗਲੇ ਇੱਕ-ਦੋ ਦਿਨਾਂ ਵਿੱਚ ਸਾਰੀ ਤਸਵੀਰ ਸਾਫ ਹੋ ਜਾਏਗੀ। ਉਨ੍ਹਾਂ ਮੰਨਿਆ ਕਿ ਟਕਸਾਲੀਆਂ ਨਾਲ ਆਨੰਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਰੇੜਕਾ ਹੈ। ਇਸ ਨੂੰ ਹੱਲ ਕਰਨ ਦੀ ਕੋਸ਼ਿਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਗੱਲ਼ ਸਿਰੇ ਨਾ ਚੜ੍ਹੀ ਤਾਂ ਆਮ ਆਦਮੀ ਪਾਰਟੀ ਆਪਣੇ ਰਹਿੰਦੇ ਉਮੀਦਵਾਰ ਐਲਾਨ ਕੇ ਮੈਦਾਨ ਵਿੱਚ ਡਟ ਜਾਏਗੀ।
ਇਸ ਬਾਰੇ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਚੋਣ ਗੱਠਜੋੜ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਟਕਸਾਲੀ ਆਗੂਆਂ ਦੇ ਧੜੇ ਨਾਲ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਟਕਸਾਲੀ ਆਗੂਆਂ ਨਾਲ ਗੱਠਜੋੜ ਕਰਨਾ ਹੈ ਕਿ ਨਹੀਂ ਇਸ ਬਾਬਤ ਅਗਲੇ ਦਿਨਾਂ ਦੌਰਾਨ ਆਖ਼ਰੀ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ‘ਆਪ’ ਦੇ ਕਨਵੀਨਰ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਅਕਾਲੀ ਦਲ ਟਕਸਾਲੀ ਨਾਲ ਗੱਠਜੋੜ ਨੂੰ ਲੈ ਕੇ ਗੱਲਬਾਤ ਕਰ ਰਹੇ ਹਨ ਤੇ ਫ਼ੈਸਲਾ ਛੇਤੀ ਹੀ ਕੀਤਾ ਜਾਵੇਗਾ।