ਚੰਡੀਗੜ੍ਹ: ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਕਰਤਾਰਪੁਰ ਲਾਂਘੇ 'ਤੇ ਕੋਈ ਅਸਰ ਨਹੀਂ ਪਿਆ। ਦੋਵੇਂ ਮੁਲਕ ਸਿੱਖਾਂ ਦੇ ਇਸ ਸੁਫਨੇ ਨੂੰ ਸਾਕਾਰ ਕਰਨ ਲਈ ਗੰਭੀਰ ਹਨ। ਇਸ ਲਈ ਮੀਟਿੰਗਾਂ ਦਾ ਦੌਰ ਵੀ ਜਾਰੀ ਹੈ ਤੇ ਦੋਵੇਂ ਪਾਸੇ ਉਸਾਰੀ ਦਾ ਕੰਮ ਵੀ ਤੇਜ਼ੀ ਨਾਲ ਚੱਲ਼ ਰਿਹਾ ਹੈ। ਦੋਵੇਂ ਮੁਲਕਾਂ ਨੇ ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਤੈਅ ਸਮੇਂ 'ਤੇ ਕਰਤਾਰਪੁਰ ਲਾਂਘੇ ਦਾ ਕੰਮ ਮੁਕੰਮਲ ਹੋ ਜਾਏਗਾ।


ਤਾਜ਼ਾ ਜਾਣਕਾਰੀ ਮੁਤਾਬਕ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀ ਕਰਤਾਰਪੁਰ ਲਾਂਘੇ ਨਾਲ ਸਬੰਧਤ ਕਾਰਜ ਵਿਧੀ ਦੇ ਖਰੜੇ ਨੂੰ ਅੰਤਿਮ ਰੂਪ ਦੇਣ ਦੇ ਇਰਾਦੇ ਨਾਲ ਵੀਰਵਾਰ 14 ਮਾਰਚ ਨੂੰ ਅੰਮ੍ਰਿਤਸਰ ਨਜ਼ਦੀਕ ਅਟਾਰੀ ਵਿੱਚ ਮੀਟਿੰਗ ਕਰਨਗੇ। ਸੂਤਰਾਂ ਮੁਤਾਬਕ ਮੀਟਿੰਗ ਵਿੱਚ ਦੋਵਾਂ ਮੁਲਕਾਂ ਦੇ ਗ੍ਰਹਿ ਤੇ ਵਿਦੇਸ਼ ਮੰਤਰਾਲਿਆਂ ਦੇ ਅਧਿਕਾਰੀ ਸ਼ਿਰਕਤ ਕਰਨਗੇ। ਦੋਵੇਂ ਧਿਰਾਂ ’ਚ ਪ੍ਰਾਜੈਕਟ ਬਾਰੇ ਤਕਨੀਕੀ ਪੱਧਰ ਦੀ ਚਰਚਾ ਵੀ ਹੋਵੇਗੀ। ਪੁਲਵਾਮਾ ਦਹਿਸ਼ਤੀ ਹਮਲੇ ਤੋਂ ਠੀਕ ਇਕ ਮਹੀਨੇ ਮਗਰੋਂ ਹੋ ਰਹੀ ਇਹ ਮੀਟਿੰਗ ਕਾਫ਼ੀ ਅਹਿਮ ਹੈ।

ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਭਾਰਤੀ ਸਿੱਖ ਸ਼ਰਧਾਲੂਆਂ ਦੀ ਪਾਕਿਸਤਾਨ ਸਥਿਤ ਇਤਿਹਾਸਕ ਕਰਤਾਰਪੁਰ ਸਾਹਿਬ ਗੁਰਦੁਆਰੇ ਦੇ ਦਰਸ਼ਨ ਦੀਦਾਰਿਆਂ ਦੀ ਰੀਝ ਪੂਰੀ ਹੋ ਜਾਵੇਗੀ। ਪੁਲਵਾਮਾ ਦਹਿਸ਼ਤੀ ਹਮਲੇ ਤੇ ਮਗਰੋਂ ਦੋਵਾਂ ਮੁਲਕਾਂ ਦਰਮਿਆਨ ਟਕਰਾਅ ਦੇ ਚਲਦਿਆਂ ਕਸ਼ੀਦਗੀ ਸਿਖਰ ’ਤੇ ਹੈ। ਇਸੇ ਤਲਖੀ ਦਰਮਿਆਨ ਦੋਵਾਂ ਮੁਲਕਾਂ ਦੇ ਅਧਿਕਾਰੀਆਂ ਵਿਚਾਲੇ ਹੋ ਰਹੀ ਇਸ ਮੀਟਿੰਗ ਦੌਰਾਨ ਕਰਤਾਰਪੁਰ ਲਾਂਘੇ ਲਈ ਤਿਆਰ ਸਮਝੌਤੇ ਦੇ ਖਰੜੇ ’ਤੇ ਚਰਚਾ ਕੀਤੀ ਜਾਵੇਗੀ।

ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗ੍ਰਹਿ ਮੰਤਰਾਲੇ ਵੱਲੋਂ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਛੇਤੀ ਨਿਬੇੜਨ ਦੇ ਫੈਸਲੇ ਦਾ ਪਹਿਲਾਂ ਹੀ ਸਵਾਗਤ ਕਰ ਚੁੱਕੇ ਹਨ। ਮੁੱਖ ਮੰਤਰੀ ਨੇ ਸ਼ਰਧਾਲੂਆਂ ਲਈ ਪਾਸਪੋਰਟ ਤੇ ਵੀਜ਼ਾ ਮੁਕਤ ‘ਖੁੱਲ੍ਹੇ ਦਰਸ਼ਨਾਂ’ ਦੀ ਮੰਗ ਕੀਤੀ ਸੀ।

ਕਰਤਾਰਪੁਰ ਸਾਹਿਬ ਗੁਰਦੁਆਰਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਕਸਬੇ ਡੇਰਾ ਬਾਬਕ ਨਾਨਕ ਨੇੜਲੀ ਕੌਮਾਂਤਰੀ ਸਰਹੱਦ ਤੋਂ ਸਾਢੇ ਚਾਰ ਕਿਲੋਮੀਟਰ ਦੀ ਦੂਰੀ ’ਤੇ ਸਥਾਪਤ ਹੈ। ਸਿੱਖ ਭਾਈਚਾਰੇ ਲਈ ਇਹ ਗੁਰਦੁਆਰਾ ਕਾਫ਼ੀ ਅਹਿਮ ਹੈ ਕਿਉਂਕਿ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਇਸੇ ਥਾਂ ’ਤੇ ਬਿਤਾਏ ਸਨ ਤੇ ਇਸੇ ਥਾਂ ’ਤੇ ਉਹ ਜੋਤੀ ਜੋਤ ਸਮਾਏ ਸਨ।