ਚੰਡੀਗੜ੍ਹ: ਦਿੱਲੀ ਵਿੱਚ ਸ਼ਾਨਦਾਰ ਜਿੱਤ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਵੀ ਸੱਤਾ ਦੇ ਸੁਫਨੇ ਵੇਖ ਰਹੀ ਹੈ। ਕਾਂਗਰਸ ਦੀ ਵਾਅਦਾ ਖਿਲਾਫੀ ਕਰਕੇ ਲੋਕ ਰੋਹ ਤੇ ਸ਼੍ਰੋਮਣੀ ਅਕਾਲੀ ਦਲ ਖਿਲਾਫ ਪੰਥਕ ਹਲਕਿਆਂ ਦੇ ਗੁੱਸੇ ਨੂੰ ਵੇਖ 'ਆਪ' ਲੀਡਰਾਂ ਨੂੰ ਸੱਤਾ ਨੇੜੇ ਹੀ ਦਿਖਾਈ ਦੇ ਰਹੀ ਹੈ। ਇਸ ਲਈ ਉਹ ਜ਼ੋਰਸ਼ੋਰ ਨਾਲ ਮੈਦਾਨ ਵਿੱਚ ਨਿੱਤਰ ਆਏ ਹਨ।


ਇਸ ਸਭ ਨੂੰ ਵੇਖਦਿਆਂ ਕੁਝ ਸਿਆਸੀ ਮਾਹਿਰ ਵੀ ਸਮਝਦੇ ਹਨ ਕਿ ਆਮ ਆਦਮੀ ਪਾਰਟੀ ਮੁੜ ਪੈਰਾਂ 'ਤੇ ਹੋ ਸਕਦੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਸੰਸਦ ਮੈਂਬਰ ਤੇ ਪੰਜਾਬ ਦੀ ਸਿਆਸਤ ਦੀ ਚੰਗੀ ਸਮਝ ਰੱਖਣ ਵਾਲੇ ਡਾ. ਧਰਮਵੀਰ ਗਾਂਧੀ ਦਾ ਕਹਿਣਾ ਹੈ ਕਿ ਦਿੱਲੀ ਵਾਲਾ ਜਲਵਾ ਪੰਜਾਬ ਵਿੱਚ ਵਿਖਾਉਣਾ ਮੁਸ਼ਕਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੋਗਲੀ ਰਾਜਨੀਤੀ ਕਰ ਰਿਹਾ ਹੈ। ਇਸ ਕਾਰਨ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਪੰਜਾਬ ’ਚ ਪਿਛਲੀਆਂ ਚੋਣਾਂ ਵਾਂਗ ਬੁਰੀ ਤਰ੍ਹਾਂ ਹਾਰੇਗੀ।


ਡਾ. ਗਾਂਧੀ ਨੇ ਕਿਹਾ ਕਿ ਇਕ ਪਾਸੇ ਅਰਵਿੰਦ ਕੇਜਰੀਵਾਲ ਧਰਮ ਨਿਰਪੱਖਤਾ ਦੀ ਗੱਲ ਕਰਦਾ ਹੈ ਤੇ ਦੂਜੇ ਪਾਸੇ ਭਾਜਪਾ ਵਰਗੀ ਰਾਜਨੀਤੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਜਾਂ ਉਸ ਦਾ ਕੋਈ ਵੀ ਮੰਤਰੀ ਨਾ ਤਾਂ ਸ਼ਾਹੀਨ ਬਾਗ਼ ਦੇ ਧਰਨੇ ਵਿੱਚ ਗਿਆ, ਨਾ ਹੀ ਜਾਮੀਆ ਮਿਲੀਆ ਯੂਨੀਵਰਸਿਟੀ ਵਿੱਚ ਪੀੜਤ ਵਿਦਿਆਰਥੀਆਂ ਦਾ ਪੱਖ ਪੂਰਿਆ ਤੇ ਨਾ ਹੀ ਜੇਐਨਯੂ ਵਿਚ ਵਿਦਿਆਰਥੀਆਂ ਦਾ ਦੁੱਖ ਸੁਣਿਆ। ਦਿੱਲੀ ਵਿਚ ਹਿੰਸਾ ਹੋਈ ’ਤੇ ਵੀ ਕੇਜਰੀਵਾਲ ਦੇ ਮੰਤਰੀਆਂ ਨੇ ਪੀੜਤਾਂ ਦਾ ਪੱਖ ਨਹੀਂ ਪੂਰਿਆ।

ਡਾ. ਗਾਂਧੀ ਨੇ ਆਖਿਆ ਕਿ ਪੰਜਾਬ ’ਚ ਦਿੱਲੀ ਦਾ ਮਾਡਲ ਕਿਸੇ ਵੀ ਹਾਲਤ ਵਿੱਚ ਕਾਮਯਾਬ ਨਹੀਂ ਹੋ ਸਕਦਾ। ਦਿੱਲੀ ਵਿੱਚ ਟੈਕਸਾਂ ਦੀ ਭਰਮਾਰ ਹੈ ਪਰ ਪੰਜਾਬ ਢਾਈ ਲੱਖ ਕਰੋੜ ਦਾ ਕਰਜ਼ਾਈ ਹੈ। ਉਨ੍ਹਾਂ ਆਖਿਆ ਕਿ ਜੋ ਪਾਰਟੀ ਪੰਜਾਬ ਦੇ ਅਸਲ ਮੁੱਦਿਆਂ ’ਤੇ ਕੰਮ ਕਰੇਗੀ, ਪੰਜਾਬ ਦੇ ਪਾਣੀਆਂ ਦਾ ਦਿੱਲੀ, ਰਾਜਸਥਾਨ ਤੇ ਹਰਿਆਣਾ ਤੋਂ ਮੁਆਵਜ਼ਾ ਦਿਵਾਉਣ ਦੀ ਗੱਲ ਕਰੇਗੀ, ਉਹ ਹੀ ਪੰਜਾਬ ਦਾ ਰਾਜ ਸੰਭਾਲ ਸਕੇਗੀ।

ਪੰਜਾਬ ਵਿੱਚ ਦੋਗਲੀ ਰਾਜਨੀਤੀ ਕਰਨ ਵਾਲੇ ਲੋਕ ਕਾਮਯਾਬ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਪੰਜਾਬ ਪ੍ਰਤੀ ਆਪਣੀ ਨੀਤੀ ਸਪੱਸ਼ਟ ਕਰਨੀ ਹੋਵੇਗੀ। ਪੰਜਾਬ ਦੇ ਦਿੱਲੀ ਨਾਲੋਂ ਵੱਖਰੇ ਮੁੱਦੇ ਹਨ, ਇੱਥੇ ਮੁਫ਼ਤ ਬਿਜਲੀ ਵਾਲਾ ਸਿਆਸੀ ਫੰਡਾ ਫੇਲ੍ਹ ਹੋ ਚੁੱਕਿਆ ਹੈ।