ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪੰਜਾਬ ਦੀਆਂ ਬਿਜਲੀ ਦਰਾਂ ਘਟਾਉਣ ਲਈ ਸੰਘਰਸ਼ ਦੀ ਤਿਆਰੀ ਖਿੱਚ ਲਈ ਹੈ। ਸ਼ੁੱਕਰਵਾਰ ਨੂੰ ਪਾਰਟੀ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ 'ਚ ਸੰਗਰੂਰ ਲੋਕ ਸਭਾ ਹਲਕੇ ਤੋਂ 'ਬਿਜਲੀ ਅੰਦੋਲਨ' ਸ਼ੁਰੂ ਕੀਤਾ ਜਾ ਰਿਹਾ ਹੈ।
'ਆਪ' ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਭਗਵੰਤ ਮਾਨ ਪੰਜਾਬ 'ਚ ਬਿਜਲੀ ਦੀਆਂ ਮਹਿੰਗੀਆਂ ਦਰਾਂ ਖਿਲਾਫ ਸੁਨਾਮ ਹਲਕੇ ਦੇ ਪਿੰਡ ਸ਼ੇਰੋਂ ਤੇ ਸੰਗਰੂਰ ਵਿਧਾਨ ਸਭਾ ਹਲਕੇ ਦੇ ਪਿੰਡ ਘਰਾਚੋਂ 'ਚ ਜਾਣਗੇ। ਉਹ ਪਿੰਡ ਦੇ ਲੋਕਾਂ ਤੋਂ ਬਿਜਲੀ ਬਿੱਲਾਂ ਬਾਰੇ ਜਾਣਕਾਰੀ ਇਕੱਠੀ ਕਰਨਗੇ। ਉਹ ਉਨ੍ਹਾਂ ਦੇ ਘਰ ਦੇ ਹਲਾਤ ਤੇ ਬਿਜਲੀ ਦੀ ਖਪਤ ਦੇ ਮੁਕਾਬਲੇ ਬਿਜਲੀ ਬਿੱਲਾਂ ਦੀ ਰਕਮ ਦੀ ਤੁਲਨਾ ਕਰਨਗੇ।
ਭਗਵੰਤ ਮਾਨ ਨੇ ਦੱਸਿਆ ਕਿ ਉਹ ਪਿੰਡ ਪੱਧਰ 'ਤੇ ਬਿਜਲੀ ਕਮੇਟੀਆਂ ਕਾਇਮ ਕਰਨਗੇ ਜੋ ਹਰ ਪਿੰਡ ਵਾਸੀ ਦੇ ਬਿਜਲੀ ਬਿੱਲਾਂ ਦੀ ਜਾਣਕਾਰੀ ਇਕੱਠੀ ਕਰਨਗੀਆਂ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਤੋਂ ਬਾਅਦ ਇਹ ਬਿਜਲੀ ਅੰਦੋਲਨ ਪੰਜਾਬ ਦੇ ਹਰ ਸ਼ਹਿਰ ਤੇ ਪਿੰਡ ਤੱਕ ਲੈ ਕੇ ਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੀ ਬਾਦਲ ਸਰਕਾਰ ਵਾਂਗ ਕੈਪਟਨ ਸਰਕਾਰ ਵੀ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਮਿਲਕੇ ਹਰ ਅਮੀਰ-ਗਰੀਬ ਬਿਜਲੀ ਖਪਤਕਾਰ ਨੂੰ ਲੁੱਟਣ 'ਚ ਲੱਗ ਚੁੱਕੀ ਹੈ।