ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਤਿਆਰ ਕਰ ਲਈ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਇਸ ਸੂਚੀ ਵਿੱਚ ਪਾਰਟੀ ਵਲੰਟੀਅਰਾਂ ਨੂੰ ਤਰਜੀਹ ਦਿੱਤੀ ਗਈ ਹੈ। ਦੂਜੀਆਂ ਪਾਰਟੀਆਂ ਵਿੱਚੋਂ ਆਏ ਲੀਡਰਾਂ ਨੂੰ ਇਸ ਸੂਚੀ ਵਿੱਚ ਸ਼ਾਮਲ ਕਰਨ ਤੋਂ ਗੁਰੇਜ਼ ਰੱਖਿਆ ਗਿਆ ਹੈ। ਇਸ ਸੂਚੀ ਵਿੱਚ 22 ਉਮੀਦਵਾਰ ਹਨ। 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਸੂਚੀ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਲਈ ਸੂਚੀ ਕਿਸੇ ਵੀ ਵੇਲੇ ਜਾਰੀ ਕੀਤੀ ਜਾ ਸਕਦੀ ਹੈ।
ਪਹਿਲਾਂ ਚਰਚਾ ਸੀ ਕਿ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹਿਮਾਚਲ ਪ੍ਰਦੇਸ਼ ਵਿੱਚ ‘ਵਿਪਾਸਨਾ ਧਿਆਨ ਪ੍ਰੋਗਰਾਮ’ ਤੋਂ ਪਰਤਣ ਮਗਰੋਂ ਹੀ ਇਹ ਸੂਚੀ ਜਾਰੀ ਹੋਏਗੀ। ਪਤਾ ਲੱਗਾ ਹੈ ਕਿ ਕੇਜਰੀਵਾਲ ਨੇ ਹਿਮਾਚਲ ਰਵਾਨਾ ਹੋਣ ਤੋਂ ਪਹਿਲਾਂ ਹੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ 22 ਉਮੀਦਵਾਰਾਂ ਦੀ ਸੂਚੀ ਉਪਰ ਅੱਜ ਮੋਹਰ ਲਾ ਦਿੱਤੀ ਸੀ।
ਸੂਤਰਾਂ ਮੁਤਾਬਕ ਸੋਮਵਾਰ ਸਵੇਰੇ ਦਿੱਲੀ ਵਿੱਚ ਪਾਰਟੀ ਦੇ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦੀ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਪੰਜਾਬ ਦੀ ਸਕਰੀਨਿੰਗ ਕਮੇਟੀ ਵੱਲੋਂ 23 ਹਲਕਿਆਂ ਲਈ ਸਿਫ਼ਾਰਸ਼ ਕੀਤੇ 130 ਦੇ ਕਰੀਬ ਨਾਵਾਂ ਉਪਰ ਚਰਚਾ ਹੋਈ ਸੀ। ਇਨ੍ਹਾਂ ਵਿੱਚੋਂ 22 ਉਮੀਦਵਾਰਾਂ ਨੂੰ ਹਰੀ ਝੰਡੀ ਦਿੱਤੀ ਗਈ ਹੈ।
ਇਹ ਵੀ ਪਤਾ ਲੱਗਾ ਹੈ ਕਿ ਸੂਚੀ ਵਿੱਚ ਸੇਵਾਮੁਕਤ ਅਧਿਆਪਕ, ਡਾਕਟਰ, ਵਕੀਲ ਸ਼ਾਮਲ ਹਨ। ਪਹਿਲੀ ਸੂਚੀ ਵਿੱਚ ਪੀਏਸੀ ਨੇ ਵੱਧ ਤੋਂ ਵੱਧ ਨਵੇਂ ਚਿਹਰਿਆਂ ਤੇ ਵਲੰਟੀਅਰਾਂ ਦੇ ਨਾਮ ਸ਼ਾਮਲ ਕੀਤੇ। ਪਹਿਲੀ ਸੂਚੀ ਵਿੱਚ ਹੋਰ ਪਾਰਟੀਆਂ ਵਿੱਚੋਂ ਸ਼ਾਮਲ ਹੋਏ ਆਗੂਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ।