ਵਿਰੋਧੀ ਧਿਰ ਦੇ ਨਵੇਂ ਨੇਤਾ ਹਰਪਾਲ ਚੀਮਾ ਨੂੰ ਭਗਵੰਤ ਮਾਨ ਦਾ ਥਾਪੜਾ ?
ਏਬੀਪੀ ਸਾਂਝਾ | 27 Jul 2018 01:02 PM (IST)
ਪੁਰਾਣੀ ਤਸਵੀਰ
ਸੰਗਰੂਰ: ਪੰਜਾਬ ਵਿਧਾਨ ਸਭਾ ਨੇ ਨਵੇਂ ਬਣੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਸਿਆਸੀ ਕਰੀਅਰ ਬਹੁਤ ਲੰਮਾ ਨਹੀਂ। ਉਹ 2016 ਵਿੱਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣਨ ਨਾਲ ਚਰਚਾ ਵਿੱਚ ਆਏ ਸਨ। ਇਸ ਤੋਂ ਬਾਅਦ ਉਹ ਸਿਆਸਤ ਵਿੱਚ ਰੁਚੀ ਲੈਣ ਲੱਗੇ। ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਰਿਜ਼ਰਵ ਹਲਕੇ ਦਿੜ੍ਹਬਾ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਲਈ ਬਿਨੈ ਕੀਤਾ ਸੀ। ਪਾਰਟੀ ਨੇ ਵੀ ਨਵੇਂ, ਬੇਦਾਗ਼ ਤੇ ਦਲਿਤ ਚਿਹਰਾ ਹੋਣ ਕਰਨ ਉਨ੍ਹਾਂ ਨੂੰ ਟਿਕਟ ਦੇ ਦਿੱਤਾ। ਉਨ੍ਹਾਂ ਸਖ਼ਤ ਮੁਕਾਬਲੇ ਵਿੱਚ ਕਾਂਗਰਸ ਦੇ ਅਜਾਇਬ ਸਿੰਘ ਰਟੌਲਾਂ ਨੂੰ ਤਕਰੀਬਨ 1500 ਵੋਟਾਂ ਦੇ ਫਰਕ ਨਾਲ ਹਰਾਇਆ ਕੇ ਜਿੱਤ ਹਾਸਲ ਕੀਤੀ ਸੀ। ਚੀਮਾ ਸੰਗਰੂਰ ਤੋਂ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਨਜ਼ਦੀਕੀ ਮੰਨੇ ਜਾਂਦੇ ਹਨ। ਚਰਚਾ ਹੈ ਕਿ ਚੀਮਾ ਨੂੰ ਵਿਧਾਨ ਸਭਾ ਦੀ ਟਿਕਟ ਦਿਵਾਉਣ ਲਈ ਵੀ ਮਾਨ ਦਾ ਹੀ ਹੱਥ ਸੀ। ਵਿਰੋਧੀ ਧਿਰ ਦੇ ਨੇਤਾ ਬਣਨ ਵਿੱਚ ਵੀ ਚੀਮਾ ਨੂੰ ਮਾਨ ਦਾ ਸਾਥ ਮਿਲਿਆ ਜਾਪਦਾ ਹੈ। ਉੱਧਰ, ਸੰਗਰੂਰ ਜ਼ਿਲ੍ਹਾ ਆਮ ਆਦਮੀ ਪਾਰਟੀ ਵਿੱਚ ਆਪਣੀ ਪਕੜ ਕਾਫੀ ਮਜ਼ਬੂਤ ਕਰਦਾ ਜਾ ਰਿਹਾ ਹੈ। ਸੂਬਾ ਪ੍ਰਧਾਨ ਭਗਵੰਤ ਮਾਨ, ਸਹਿ ਪ੍ਰਧਾਨ ਅਮਨ ਅਰੋੜਾ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਬਣੇ ਹਰਪਾਲ ਸਿੰਘ ਚੀਮਾ ਵੀ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ ਹਨ। ਚੀਮਾ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਵਪਾਰੀਆਂ, ਕਿਸਾਨਾਂ ਮੁਲਾਜ਼ਮਾਂ ਤੇ ਦਲਿਤ ਵਰਗ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਫੇਲ੍ਹ ਸਾਬਤ ਹੋਈ ਹੈ। ਵਿਧਾਨ ਸਭਾ ਵਿੱਚ ਸਰਕਾਰ ਨੂੰ ਇਨ੍ਹਾਂ ਸਾਰੇ ਮੁੱਦਿਆਂ 'ਤੇ ਘੇਰਿਆ ਜਾਵੇਗਾ। ਚੀਮਾ ਨੇ ਕਿਹਾ ਕਿ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਦਲਿਤ ਚਿਹਰੇ ਨੂੰ ਅਗਵਾਈ ਦੇਣ ਦੀ ਮੰਗ ਕੀਤੀ ਸੀ, ਜਿਸ ਕਾਰਨ ਉਨ੍ਹਾਂ ਨੂੰ ਵਿਰੋਧੀ ਧਿਰ ਦਾ ਨੇਤਾ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਖਹਿਰਾ ਤੇ ਫੂਲਕਾ ਪਾਰਟੀ ਦੇ ਸੀਨੀਅਰ ਨੇਤਾ ਹਨ, ਉਨ੍ਹਾਂ ਦੀ ਅਗਵਾਈ ਵਿੱਚ ਹੀ ਕੰਮ ਕੀਤਾ ਜਾਵੇਗਾ।