ਅੰਮ੍ਰਿਤਸਰ: ਨਿਊਜ਼ੀਲੈਂਡ 'ਚ ਭਾਰਤ-ਆਸਟ੍ਰੇਲੀਆ ਦਰਮਿਆਨ ਖੇਡੇ ਗਏ ਅੰਡਰ-19 ਕ੍ਰਿਕੇਟ ਵਿਸ਼ਵ ਕੱਪ ਦੇ ਫਾਈਨਲ ਵਿੱਚ ਭਾਰਤੀ ਟੀਮ ਦਾ ਜਸ਼ਨ ਹਰ ਪਾਸੇ ਵੇਖਣ ਨੂੰ ਮਿਲ ਰਿਹਾ ਹੈ ਪਰ ਇਸ ਟਿਮ ਦਾ ਹਿੱਸਾ ਰਹੇ ਅਭਿਸ਼ੇਕ ਸ਼ਰਮਾ ਦੇ ਪਰਿਵਾਰ ਵਾਲਿਆਂ ਦੀ ਖੁਸ਼ੀ ਜੱਗੋਂ ਵੱਖਰੀ ਸੀ। ਪਰਿਵਾਰ ਨੇ ਟੀਮ ਦੀ ਜਿੱਤ 'ਤੇ ਖੁਸ਼ੀ ਜਤਾਈ ਤੇ ਕਾਮਨਾ ਕੀਤੀ ਕਿ ਉਨ੍ਹਾਂ ਦਾ ਪੁੱਤ ਵਿਰਾਟ ਕੋਹਲੀ ਨਾਲ ਭਾਰਤੀ ਟੀਮ ਵਿੱਚ ਖੇਡੇ।
ਗੁਰੂ ਨਗਰੀ ਅੰਮ੍ਰਿਤਸਰ ਦੇ ਜੰਮ-ਪਲ ਅਭਿਸ਼ੇਕ ਸ਼ਰਮਾ ਦੇ ਪਰਿਵਾਰ ਵਾਲੇ ਅੱਜ ਸਵੇਰ ਤੋਂ ਹੀ ਟੀ.ਵੀ. ਸਾਹਮਣੇ ਬੈਠ ਕੇ ਮੈਚ ਦੀ ਪਲ-ਪਲ ਦੀ ਜਾਣਕਾਰੀ ਲੈ ਰਹੇ ਸਨ। ਜਿਉਂ ਹੀ ਭਾਰਤੀ ਟਿਮ ਜਿੱਤ ਵੱਲ ਵਧੀ ਤਕਾਂ ਉਨ੍ਹਾਂ ਦੇ ਚਿਹਰਿਆਂ 'ਤੇ ਰੌਣਕ ਵੇਖਣ ਵਾਲੀ ਸੀ। ਅਭਿਸ਼ੇਕ ਦੇ ਪਿਤਾ ਰਾਜ ਕੁਮਾਰ ਸ਼ਰਮਾ ਖ਼ੁਦ ਇੱਕ ਕ੍ਰਿਕੇਟਰ ਹਨ ਅਤੇ ਉਨ੍ਹਾਂ ਤੋਂ ਹੀ ਪ੍ਰੇਰਨਾ ਲੈ ਕੇ ਅਭਿਸ਼ੇਕ ਨੇ ਅੱਜ ਅੰਡਰ 19 ਭਾਰਤੀ ਟੀਮ ਵਿੱਚ ਆਪਣੀ ਥਾਂ ਬਣਾਈ। ਅਭਿਸ਼ੇਕ ਦੋ ਭੈਣਾਂ ਦਾ ਇਕਲੌਤਾ ਭਰਾ ਹੈ ਅਤੇ ਪਰਿਵਾਰ ਵਿੱਚ ਹਰ ਕੋਈ ਉਸ ਨੂੰ ਪਿਆਰ ਕਰਦਾ ਹੈ।
ਭਾਰਤੀ ਟਿਮ ਦੀ ਜਿੱਤ ਜਿੱਥੇ ਪੂਰੇ ਦੇਸ਼ ਵਾਸੀਆਂ ਲਈ ਇੱਕ ਵੱਡੇ ਮਾਣ ਵਾਲੀ ਗੱਲ ਹੈ ਓਥੇ ਹੀ ਅਭਿਸ਼ੇਕ ਦੀਆਂ ਭੈਣਾਂ ਅਤੇ ਮਾਂ ਲਈ ਇਹ ਕਿਸੇ ਵੱਡੇ ਤੋਹਫੇ ਤੋਂ ਘੱਟ ਨਹੀਂ ਹੈ। ਅਭਿਸ਼ੇਕ ਦੀਆਂ ਭੈਣਾਂ ਕੋਮਲ ਸ਼ਰਮਾ ਤੇ ਸਾਨੀਆ ਸ਼ਰਮਾ ਨੇ ਦੱਸਿਆ ਕਿ ਅਭਿਸ਼ੇਕ ਨੂੰ ਬਚਪਨ ਤੋਂ ਹੀ ਕ੍ਰਿਕੇਟ ਖੇਡਣ ਦਾ ਸ਼ੌਕ ਸੀ ਤੇ ਅੱਜ ਉਸ ਨੇ ਜੋ ਮੁਕਾਮ ਹਾਸਿਲ ਕੀਤਾ ਹੈ ਇਹ ਸਾਡੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਅਭਿਸ਼ੇਕ ਦੀ ਮਾਂ ਮੰਜੂ ਸ਼ਰਮਾ ਨੇ ਦੱਸਿਆ ਕਿ ਅਭਿਸ਼ੇਕ ਵੀ ਬਾਕੀ ਬੱਚਿਆਂ ਵਾਂਗ ਬਚਪਨ ਵਿੱਚ ਸ਼ਰਾਰਤੀ ਸੀ ਪਰ ਉਹ ਸ਼ਰਾਰਤਾਂ ਨਾਲੋਂ ਵੱਧ ਤਰਜੀਹ ਕ੍ਰਿਕੇਟ ਨੂੰ ਦਿੰਦਾ ਸੀ। ਉਹ ਘਰ ਵਿੱਚ ਆਪਣੀਆਂ ਭੈਣਾਂ ਅਤੇ ਮੈਨੂੰ ਹਰ ਵੇਲੇ ਬੌਲਿੰਗ ਜਾਂ ਕੈਚ ਕਰਨ ਲਈ ਆਖਦਾ ਹੁੰਦਾ ਸੀ। ਅੱਜ ਆਪਣੇ ਪੁੱਤਰ ਦੇ ਨਾਲ ਨਾਲ ਸਾਰੀ ਟੀਮ 'ਤੇ ਬਹੁਤ ਮਾਣ ਹੈ ਅਤੇ ਇੱਕ ਮਾਂ ਹੋਣ ਦੇ ਨਾਤੇ ਹੁਣ ਤੱਕ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਹੈ।