ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਦੀ ਉੱਘੀ ਗਾਇਕਾ ਤੇ ਸੈਰ-ਸਪਾਟਾ ਤੇ ਸੱਭਿਆਚਾਰ ਮੰਤਰੀ ਅਨਮੋਲ ਗਗਨ ਮਾਨ ਅੱਜ 'ABP Sanjha' ਦੇ ਪ੍ਰੋਗਰਾਮ 'ਨੂਰ ਪੰਜਾਬ ਦਾ' 'ਚ ਪਹੁੰਚੀ। ਇਸ ਦੌਰਾਨ 'ਨੂਰ ਪੰਜਾਬ ਦਾ' ਪ੍ਰੋਗਰਾਮ ਵਿੱਚ ਆਮ ਆਦਮੀ ਪਾਰਟੀ (AAP) ਦੀ ਨਵੀਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ (Anmol Gagan Mann ) ਨੇ ਗੱਲਬਾਤ ਕੌਰਾਨ ਦੱਸਿਆ ਕਿ ਪੰਜਾਬ ਦਾ ਕਲਚਰ ਬਹੁਤ ਵਧੀਆ ਹੈ, ਜਿਸ ਨੂੰ ਸਾਂਭਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਵੀ ਪਤਾ ਨਹੀਂ ਕਿ ਪੰਜਾਬ 'ਚ ਕਿੰਨੇ ਮਿਊਜ਼ੀਅਮ ਹਨ ਤੇ ਸਿੱਖ ਇਤਿਹਾਸ ਨਾਲ ਸਬੰਧਤ ਕਿੰਨੇ ਵੱਡੇ-ਵੱਡੇ ਕਿਲ੍ਹੇ ਬਣੇ ਹੋਏ ਹਨ, ਦੇ ਬਾਰੇ ਸਾਨੂੰ ਖ਼ੁਦ ਨਹੀਂ ਪਤਾ, ਜਿਨ੍ਹਾਂ ਦਾ ਪਤਾ ਲਗਾਇਆ ਜਾਵੇਗਾ।
ਅਨਮੋਲ ਗਗਨ ਮਾਨ ਨੇ ਕਿਹਾ ਕਿ ਸੂਬੇ 'ਚ ਵੱਡੀਆਂ-ਵੱਡੀਆਂ ਹੈਰੀਟੇਜ਼ ਇਮਾਰਤਾਂ ਸੀ ਤੇ ਕਈ ਕਿਲ੍ਹੇ ਸੀ, ਜੋ ਢਹਿ ਗਏ ਹਨ। ਹੁਣ ਉਨ੍ਹਾਂ ਦੀ ਹੁਣ ਪੂਰੀ ਤਰ੍ਹਾਂ ਸਾਂਭ -ਸੰਭਾਲ ਕਰਾਂਗੇ। ਪੰਜਾਬ ਦੇ ਟੂਰਿਜ਼ਮ ਨੂੰ ਦੁਨੀਆ ਭਰ 'ਚ ਡਿਵੈਲਪਮੈਂਟ ਕਰਾਂਗੇ। ਅਸੀਂ ਹੁਣ ਸਰਕਟ ਬਣਾ ਰਹੇ ਹਾਂ। ਇੱਕ ਧਾਰਮਿਕ ਸਰਕਟ ਬਣਾਵਾਂਗੇ, ਜਿਸ ਨਾਲ ਯਾਤਰੀ ਕਈ ਪੰਜਾਬ 'ਚ ਰਹਿ ਕੇ ਸਾਰੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕਣ, ਇਸ ਨਾਲ ਸਾਡੀ ਇਕਾਨਮੀ ਵਿੱਚ ਵੀ ਵਾਧਾ ਹੋਵੇਗਾ। ਦੂਜਾ ਹੈਰੀਟੇਜ਼ ਸਰਕਟ, ਇਸ ਤੋਂ ਬਿਨ੍ਹਾਂ ਹੋਰ ਵੀ ਬਹੁਤ ਸਾਰੀਆਂ ਚੀਜਾਂ ਹਨ। ਜਿਸ ਦੇ ਲਈ ਇੱਕ ਸਿੰਗਲ ਵਿੰਡੋ ਮੋਬਾਈਲ ਐਪ ਬਣਾਈ ਜਾਵੇਗੀ, ਜਿਸ ਵਿੱਚ ਲੋਕੇਸ਼ਨ ਸਮੇਤ ਹੋਰ ਸਹੂਲਤਾਂ ਮਿਲਣਗੀਆਂ।
ਅਨਮੋਲ ਗਗਨ ਮਾਨ ਨੇ ਕਿਹਾ ਕਿ ਜੋ ਵੀ ਯਾਤਰੀ ਪੰਜਾਬ ਆਉਂਦਾ ਹੈ ,ਉਸਨੂੰ ਘੁੰਮਣ ਵਿੱਚ ਕੋਈ ਸਮੱਸਿਆ ਨਾ ਹੋਵੇ। ਜੇਕਰ ਪੰਜਾਬ ਦੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਜਲਦ ਹੀ ਇੱਕ ਸ਼ਾਨਦਾਰ ਉਪਰਾਲਾ ਕਰਨ ਜਾ ਰਹੇ ਹਨ ਤੇ ਹਰ ਘਰ ਨੂੰ ਕਲਚਰ ਨੂੰ ਜੋੜਿਆ ਜਾਵੇਗਾ। ਇਸ ਐਪ ਵਿੱਚ ਇਸ ਤਰੀਕੇ ਦਾ ਪੋਰਟਲ ਹੋਵੇਗਾ, ਜੇ ਕਿਸੇ ਦਾ ਧਾਰਮਿਕ, ਫਾਰਮਿੰਗ, ਰੂਰਲ, ਹੈਰੀਟੇਜ਼ ਦੇਖਣ ਦਾ ਮਨ ਹੈ ਤਾਂ ਇਸ ਐਪ ਦੇ ਜ਼ਰੀਏ ਪੂਰੀ ਹੈਲਪ ਮਿਲੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਉਮੀਦਾਂ 'ਤੇ ਪੂਰੇ ਉਤਰਨ ਦੀ ਕੋਸ਼ਿਸ ਹੋਵੇਗੀ। ਪੰਜਾਬ 'ਚ ਇੱਕ ਨਵੀਂ ਕ੍ਰਾਂਤੀ ਆਈ ਹੈ।
ਇਸ ਦੇ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਜਰਮਨ ਦੌਰੇ ਬਾਰੇ ਅਨਮੋਲ ਗਗਨ ਮਾਨ ਨੇ ਕਿਹਾ ਕਿ ਉੱਥੇ ਨਿਵੇਸ਼ਕਾਂ ਨੂੰ ਮਿਲ ਕੇ ਪੰਜਾਬ ਆਉਣ ਦਾ ਸੱਦਾ ਦੇਣਗੇ, ਜਿਸ ਨਾਲ ਪੰਜਾਬ 'ਚ ਨਿਵੇਸ਼ ਹੋਵੇਗਾ। ਇਸ ਦੇ ਨਾਲ ਪੰਜਾਬ 'ਚ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਉਨ੍ਹਾਂ ਕਿਹਾ ਕਿ ਜੇਕਰ ਨਿਵੇਸ਼ਕ ਪੰਜਾਬ ਆ ਕੇ ਨਿਵੇਸ਼ ਕਰਦੇ ਹਨ ਤਾਂ ਪੰਜਾਬ ਆਪਣੇ ਪੈਰਾਂ 'ਤੇ ਖੜ੍ਹਾ ਹੋ ਜਾਵੇਗਾ। ਇਸ ਦੇ ਇਲਾਵਾ ਉਨ੍ਹਾਂ ਕਿਹਾ ਕਿ ਪੰਜਾਬ 'ਚ ਅਸੀਂ ਮਜ਼ਦੂਰਾਂ ਨੂੰ ਵੀ ਰਾਹਤ ਦੇਵਾਂਗੇ, ਜਿਸ ਦੇ ਲਈ ਇੱਕ ਬੋਰਡ ਦਾ ਗਠਨ ਕਰਾਂਗੇ। ਅਨਮੋਲ ਮਾਨ ਨੇ ਕਿਹਾ ਕਿ ਮਹਿਲਾਵਾਂ ਨੂੰ 1000 ਰੁਪਏ ਭੱਤਾ ਦੇਣ ਦੀ ਗਰੰਟੀ ਵੀ ਜਲਦ ਪੂਰੀ ਕੀਤੀ ਜਾਵੇਗੀ।