Lok Sabha Election 2019: 23 ਮਈ ਨੂੰ ਦੇਸ਼ ਭਰ ਦੀਆਂ 542 ਲੋਕ ਸਭਾ ਸੀਟਾਂ 'ਤੇ ਚੋਣ ਨਤੀਜਿਆਂ ਦਾ ਐਲਾਨ ਕੀਤਾ ਜਾਏਗਾ। ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ABP ਨਿਊਜ਼-ਨੀਲਸਨ ਨੇ ਐਗਜ਼ਿਟ ਪੋਲ ਨਾਲ ਪੰਜਾਬ ਤੇ ਹਰਿਆਣਾ ਦੀਆਂ VIP ਸੀਟਾਂ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ। ਐਗਜ਼ਿਟ ਪੋਲ ਮੁਤਾਬਕ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਦਕਿ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਆਪਣੀ ਸੀਟ ਬਚਾਉਣ ਵਿੱਚ ਕਾਮਯਾਬ ਹੋ ਜਾਣਗੇ।

ਬਠਿੰਡਾ ਤੋਂ ਚੋਣ ਲੜ ਰਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਸੀਟ ਤੋਂ 2009 ਤੇ 2014 ਵਿੱਚ ਜਿੱਤ ਦਰਜ ਕੀਤੀ ਸੀ ਪਰ ਇਸ ਵਾਰ ਹਰਸਿਮਰਤ ਕੌਰ ਨੂੰ ਹਾਰ ਮਿਲ ਸਕਦੀ ਹੈ। ਇਸ ਸੀਟ 'ਤੇ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਕਾਂਟੇ ਦੀ ਟੱਕਰ ਨਾਲ ਜਿੱਤਦੇ ਨਜ਼ਰ ਆ ਰਹੇ ਹਨ।

ਪਟਿਆਲਾ ਤੋਂ ਕਾਂਗਰਸ ਲਈ ਚੰਗੀ ਖ਼ਬਰ ਆ ਰਹੀ ਹੈ ਕਿਉਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਜਿੱਤ ਦਰਜ ਕਰਦੇ ਨਜ਼ਰ ਆ ਰਹੇ ਹਨ। ਪਰਨੀਤ ਕੌਰ ਨੂੰ 2014 ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਹਰਾਇਆ ਸੀ ਪਰ ਇਸ ਵਾਰ ਨੀਨਾ ਮਿੱਤਲ ਪਰਨੀਤ ਕੌਰ ਸਾਹਮਣੇ ਟਿਕ ਨਹੀਂ ਪਾਉਣਗੇ।

ਪੰਜਾਬ ਦੇ ਪੂਰੇ ਐਗਜ਼ਿਟ ਪੋਲ ਦੀ ਗੱਲ ਕੀਤੀ ਜਾਏ ਤਾਂ ਕਾਂਗਰਸ ਸੂਬੇ ਵਿੱਚ ਜ਼ਬਰਦਸਤ ਵਾਪਸੀ ਕਰਦੀ ਦਿੱਸ ਰਹੀ ਹੈ। ਸੂਬੇ ਦੀਆਂ 13 ਵਿੱਚੋਂ 8 ਸੀਟਾਂ 'ਤੇ ਕਾਂਗਰਸ ਦਾ ਕਬਜ਼ਾ ਹੋ ਸਕਦਾ ਹੈ। ਇੱਥੇ ਬੀਜੇਪੀ ਤੇ ਆਪ ਦੇ ਖ਼ਾਤੇ ਵਿੱਚ 2-2 ਤੇ ਅਕਾਲੀ ਦਲ ਦੇ ਖ਼ਾਤੇ ਇੱਕ ਸੀਟ ਜਾਂਦੀ ਨਜ਼ਰ ਆ ਰਹੀ ਹੈ।