ਚੰਡੀਗੜ੍ਹ: ਤਸਕਰੀ ਮਾਮਲੇ ਵਿੱਚ ਪੁਲਿਸ ਨੂੰ ਲੋੜੀਂਦੇ ਮੁਲਜ਼ਮ ਨੇ ਅੱਜ ਪਿੰਡ ਨਿਹਾਲਾ ਕਿਲਚਾਂ ਦੇ ਘਰ ਵਿੱਚ ਸ਼ਰ੍ਹੇਆਮ ਫਾਈਰਿੰਗ ਕੀਤੀ। ਹਰਭਜਨ ਸਿੰਘ ਨਾਂਅ ਦੇ ਮੁਲਜ਼ਮ ਨੇ ਆਪਣੇ ਵਿਰੋਧੀ ਬੱਗਾ ਸਿੰਘ ਦੇ ਘਰ ਪਹੁੰਚ ਕੇ ਗੋਲ਼ੀਆਂ ਚਲਾਈਆਂ। ਪੁਲਿਸ ਨੂੰ ਬੱਗਾ ਸਿੰਘ ਦੇ ਨਾਲ-ਨਾਲ ਮੁਲਜ਼ਮ ਹਰਭਜਨ ਸਿੰਘ ਦੀ ਵੀ ਲਾਸ਼ ਬਰਾਮਦ ਹੋਈ ਹੈ।
ਨਾਭਾ ਜੇਲ ਤੋਂ ਭੱਜੇ ਉਕਤ ਮੁਲਜ਼ਮ ਦੀ ਮੌਤ ਬਾਰੇ ਅਜੇ ਤਕ ਕੋਈ ਵੀ ਪੁਸ਼ਟੀ ਨਹੀਂ ਹੋ ਰਹੀ ਪਰ ਪਿੰਡ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਭਾਵੇਂ ਪੰਜਾਬ ਭਰ ਵਿੱਚੋਂ ਹਥਿਆਰ ਜਮ੍ਹਾ ਕਰਵਾਏ ਜਾ ਚੁੱਕੇ ਹਨ, ਪਰ ਨਾਭਾ ਜੇਲ੍ਹ ਦੇ ਭਗੌੜੇ ਹਰਭਜਨ ਸਿੰਘ ਨੇ ਫਾਈਰਿੰਗ ਕਰਕੇ ਆਪਣੇ ਵਿਰੋਧੀ ਬੱਗਾ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਚੋਣ ਜ਼ਾਬਤਾ ਲੱਗਾ ਹੋਣ ਦੇ ਬਾਵਜੂਦ ਹਥਿਆਰ ਦੀ ਹੋਈ ਵਰਤੋਂ ਨੇ ਪੁਲਿਸ ਪ੍ਰਸ਼ਾਸਨ ਦੀ ਕਾਰਗੁਜਾਰੀ ’ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਕੀਤਾ ਹੈ।
ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਹਰਭਜਨ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਸੀ ਪਰ ਉਸ ਦੀ ਮੌਤ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਚੱਲ ਸਕਿਆ। ਘਟਨਾ ਸਥਾਨ ’ਤੇ ਪਹੁੰਚੇ ਐਸਐਸਪੀ ਪ੍ਰੀਤਮ ਸਿੰਘ ਨੇ ਕਿਹਾ ਕਿ ਇਹ ਵਾਰਦਾਤ ਆਪਸੀ ਤਕਰਾਰ ਦੇ ਚੱਲਦਿਆਂ ਵਾਪਰੀ ਹੈ। ਬੱਗਾ ਸਿੰਘ ਨੂੰ ਤਾਂ ਭਗੌੜੇ ਮੁਲਜ਼ਮ ਹਰਭਜਨ ਨੇ ਮਾਰਿਆ ਪਰ ਹਰਭਜਨ ਦੀ ਮੌਤ ਦੇ ਕਾਰਨਾਂ ਬਾਰੇ ਕੁਝ ਨਹੀਂ ਪਤਾ।
ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਹਰਭਜਨ ਸਿੰਘ ਤਸਕਰੀ ਕਰਦਾ ਸੀ, ਜੋ ਨਾਭਾ ਜੇਲ੍ਹ ਤੋਂ ਭਗੌੜਾ ਹੋਣ ਕਰਕੇ ਪੁਲਿਸ ਨੂੰ ਲੰਬੇ ਸਮੇਂ ਤੋਂ ਲੋੜੀਂਦਾ ਸੀ। ਉਨ੍ਹਾਂ ਕਿਹਾ ਕਿ ਜਲਦ ਹੀ ਮਾਮਲੇ ਦੀ ਤਹਿ ਤਕ ਪਹੁੰਚ ਕੇ ਹਰਭਜਨ ਦੀ ਮੌਤ ਤੋਂ ਵੀ ਪਰਦਾ ਉਠਾ ਦਿੱਤਾ ਜਾਵੇਗਾ।