ਲੁਧਿਆਣਾ: ਸ਼ਹਿਰ ਦੇ ਦੁੱਗਰੀ ਇਲਾਕੇ ਵਿੱਚ ਹੋਏ ਸੜਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਕਈ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਉਹ ਲਾੜੀ ਹੈ ਜੋ ਆਪਣੇ ਵਿਆਹ ਲਈ ਤਿਆਰ ਹੋਣ ਬਿਊਟੀ ਪਾਰਲਰ ਜਾ ਰਹੀ ਸੀ ਪਰ ਹਾਦਸਾ ਵਾਪਰਨ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਨਾ ਪਿਆ।
ਇਹ ਦੁਰਘਟਨਾ ਦੋ ਕਾਰਾਂ ਦੀ ਆਪਸ ਵਿੱਚ ਟੱਕਰ ਕਾਰਨ ਵਾਪਰੀ। ਹਾਲਾਂਕਿ, ਦੋਵੇਂ ਕਾਰਾਂ 'ਚ ਸਵਾਰ ਲੋਕ ਮੌਤ ਦੇ ਮੂੰਹ 'ਚ ਜਾਣ ਤੋਂ ਬਚ ਗਏ ਪਰ ਤਿੰਨ ਮਜ਼ਦੂਰਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਨ੍ਹਾਂ ਵਿੱਚੋਂ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ।
ਹਾਦਸੇ ਤੋਂ ਬਾਅਦ ਲਾੜੀ ਦੇ ਪਰਿਵਾਰ ਵਾਲੇ ਉਸ ਦੇ ਗਹਿਣੇ ਤੇ ਹੋਰ ਕੀਮਤੀ ਚੀਜ਼ਾਂ ਸੜਕ ਤੋਂ ਚੁਗ ਰਹੇ ਸਨ। ਉਨ੍ਹਾਂ ਦੱਸਿਆ ਕਿ ਅੱਜ ਹੀ ਮਲਿਕਾ ਵਾਲੀਆ ਦਾ ਵਿਆਹ ਸੀ ਤੇ ਉਹ ਮੇਕਅੱਪ ਲਈ ਪਰਿਵਾਰਕ ਮੈਂਬਰਾਂ ਨਾਲ ਬਿਊਟੀ ਪਾਰਲਰ ਜਾ ਰਹੀ ਸੀ।
ਦੁਰਘਟਨਾ ਤੇਜ਼ ਰਫਤਾਰ ਕਾਰਨ ਵਾਪਰੀ ਲੱਗਦੀ ਹੈ। ਪੁਲਿਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਜ਼ਖ਼ਮੀਆਂ ਨੂੰ ਲੁਧਿਆਣਾ ਦੇ ਪੰਚਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।