ਪਹਿਲਾਂ ਧੀ ਨਾਲ ਛੇੜਛਾੜ ਤੇ ਹੁਣ ਮਾਂ ਤੇ ਭਰਾ ਨੂੰ ਘਰ ਵੜ ਕੇ ਕੀਤਾ ਕਤਲ
ਏਬੀਪੀ ਸਾਂਝਾ | 03 Mar 2018 06:38 PM (IST)
ਹੁਸ਼ਿਆਰਪੁਰ: ਸ਼ਹਿਰ ਦੇ ਮੁਹੱਲਾ ਬਸੰਤ ਨਗਰ ਵਿੱਚ ਰਹਿੰਦੀ ਇੱਕ ਕੁੜੀ ਨਾਲ ਛੇੜਛਾੜ ਕਰਨ ਵਾਲਿਆਂ ਨੇ ਅੱਜ ਉਸ ਦੀ ਮਾਂ ਤੇ ਭਰਾ ਨੂੰ ਘਰ ਵਿੱਚ ਵੜ ਕੇ ਕਤਲ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਮਾਂ ਨੇ ਉਸ ਦੀ ਧੀ ਨਾਲ ਹੋਈ ਛੇੜਛਾੜ ਸਬੰਧੀ ਪੁਲਿਸ ਨੂੰ ਲਗਪਗ ਇੱਕ ਸਾਲ ਪਹਿਲਾਂ ਸ਼ਿਕਾਇਤ ਦਰਜ ਕਰਾਈ ਸੀ। ਪਰ ਸਥਾਨਕ ਲੋਕਾਂ ਮੁਤਾਬਕ ਪੁਲਿਸ ਨੇ ਉਸ ਸ਼ਿਕਾਇਤ 'ਤੇ ਖਾਸ ਕਾਰਵਾਈ ਨਹੀਂ ਕੀਤੀ। ਗੁਆਂਢੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਛੇੜਛਾੜ ਕਰਨ ਵਾਲੇ ਮੁਲਜ਼ਮਾਂ ਨੇ ਘਰ ਦੇ ਅੰਦਰ ਵੜ ਕੇ ਮਾਂ-ਪੁੱਤ ਦਾ ਕਤਲ ਕਰ ਦਿੱਤਾ ਹੈ। ਉਨ੍ਹਾਂ ਨੇ ਹੀ ਲਾਸ਼ਾਂ ਦੇਖ ਪੁਲਿਸ ਨੂੰ ਇਤਲਾਹ ਦਿੱਤੀ। ਮੌਕੇ 'ਤੇ ਪਹੁੰਚ ਕੇ ਪੁਲਿਸ ਛਾਣਬੀਣ ਸ਼ੁਰੂ ਕੀਤੀ ਤੇ ਕਤਲ ਦਾ ਮਾਮਲਾ ਦਰਜ ਕਰ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ। ਪੁਲਿਸ ਨੇ ਮਾਮਲਾ ਧਾਰਾ 302 ਹੇਠ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।