ਜਲੰਧਰ: ਗੈਂਗਸਟਰ ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਗੈਂਗਸਟਰ ਜਾਂ ਤਾਂ ਫੜੇ ਜਾ ਰਹੇ ਤੇ ਜਾਂ ਸਮਰਪਣ ਕਰ ਰਹੇ ਹਨ। ਪੰਜਾਬ ਪੁਲਿਸ ਨੇ ਫ਼ਰੀਦਕੋਟ ਦੇ ਰਹਿਣ ਵਾਲੇ ਏ-ਕੈਟਾਗਰੀ ਦੇ ਗੈਂਗਸਟਰ ਤੀਰਥ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਅੱਠ ਸਾਲ ਤੋਂ ਫਰਾਰ ਚੱਲ ਰਹੇ ਤੀਰਥ ਸਿੰਘ 'ਤੇ ਦੋ ਲੱਖ ਰੁਪਏ ਦਾ ਇਨਾਮ ਵੀ ਸੀ। ਪੁਲਿਸ ਮੁਤਾਬਕ ਤੀਰਥ ਸਿੰਘ ਦੀ ਗੈਂਗਸਟਰ ਸੁੱਖਾ ਕਾਹਲਵਾਂ ਅਤੇ ਰੌਕੀ ਕਤਲ ਕੇਸ ਵਿੱਚ ਵੀ ਸ਼ਮੂਲੀਅਤ ਸੀ। ਖਾਸ ਗੱਲ ਇਹ ਹੈ ਕਿ ਪੁਲਿਸ ਮੁਤਾਬਕ ਅੱਠ ਸਾਲ ਤੋਂ ਫਰਾਰ ਚੱਲ ਰਹੇ ਇਸ ਗੈਂਗਸਟਰ ਨੂੰ ਨਾਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ।
28 ਸਾਲ ਦੇ ਤੀਰਥ ਸਿੰਘ 'ਤੇ ਆਪਣੇ ਜੀਜੇ ਦੇ ਕਤਲ ਸਣੇ ਕਈ ਕਤਲ, ਸਨੈਚਿੰਗ ਅਤੇ ਫਿਰੌਤੀ ਲੈਣ ਦੇ ਕਈ ਮਾਮਲੇ ਦਰਜ ਹਨ। ਜਲੰਧਰ ਜ਼ੋਨ ਦੀ ਪੁਲਿਸ ਨੇ ਇਸ ਨੂੰ 2 ਤਾਰੀਖ ਨੂੰ ਚੰਡੀਗੜ੍ਹ-ਲੁਧਿਆਣਾ ਮੁੱਖ ਮਾਰਗ 'ਤੇ ਬੋਦਲੀ ਨਾਕੇ ਤੋਂ ਗ੍ਰਿਫਤਾਰ ਕੀਤਾ।
ਆਈ.ਜੀ. ਜਲੰਧਰ ਜ਼ੋਨ ਅਰਪਿਤ ਸ਼ੁਕਲਾ ਨੇ ਜਾਣਕਾਰੀ ਦਿੰਦਿਆਂ ਕਿਹਾ, "ਇਹ ਪੰਜਾਬ ਦਾ ਇੱਕ ਟੌਪ ਕੈਟਾਗਿਰੀ ਦਾ ਗੈਂਗਸਟਰ ਸੀ। ਸੁੱਖਾ ਕਾਹਲਵਾਂ, ਰੌਕੀ ਗੈਂਗਸਟਰ ਦੇ ਕਤਲ ਵਿੱਚ ਸ਼ਾਮਲ ਸੀ। ਇਸ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੇ ਵੱਡੇ-ਵੱਡੇ ਕ੍ਰਾਇਮ ਵਿੱਚ ਵੀ ਸ਼ਾਮਿਲ ਸੀ। ਐਸ.ਐਸ.ਪੀ. ਖੰਨਾ ਨਵਜੋਤ ਮਾਹਲ ਨੇ ਟੀਮ ਬਣਾ ਕੇ ਇਸ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗੈਂਗਸਟਰ ਵਿੱਕੀ ਗੌਂਡਰ ਅਤੇ ਜੈਪਾਲ ਦੇ ਕਲੋਜ਼ ਐਸੋਸੀਏਟ ਸੀ। ਇਸ ਨਾਲ ਗੈਂਗਸਟਰ ਦਾ ਮਨੋਬਲ ਹੋਰ ਡਿੱਗੇਗਾ।"
ਉਨ੍ਹਾਂ ਕਿਹਾ ਕਿ ਪੁਲਿਸ ਨੇ ਜਦੋਂ ਇਸ ਨੂੰ ਗ੍ਰਿਫਤਾਰ ਕੀਤਾ ਇਹ ਇੰਡੀਕਾ ਕਾਰ ਵਿੱਚ ਜਾ ਰਿਹਾ ਸੀ। ਇਸ ਤੋਂ ਇੱਕ ਪਿਸਟਲ ਵੀ ਬਰਾਮਦ ਹੋਇਆ ਹੈ। ਪੁੱਛਗਿਛ ਵਿੱਚ ਹੋਰ ਖੁਲਾਸੇ ਹੋਣ ਦੀ ਉਮੀਦ ਹੈ।