ਕੀਰਤਪੁਰ ਸਾਹਿਬ: ਅੱਜ ਦੀ ਰਾਜਨੀਤੀ ਲੋਭ ਦਾ ਸ਼ਿਕਾਰ ਹੋਈ ਹੈ। ਪਹਿਲਾਂ ਨਾਲੋਂ ਲੀਡਰਾਂ ਦਾ ਕਿਰਦਾਰ ਖ਼ਤਮ ਹੋਇਆ ਹੈ। ਪਾਰਟੀਆਂ ਚੰਗੀਆਂ ਮਾੜੀਆਂ ਨਹੀਂ, ਲੀਡਰ ਚੰਗੇ ਤੇ ਮਾੜੇ ਹੁੰਦੇ ਨੇ। ਲੀਡਰ ਸਿਰਫ ਆਪਣੇ ਬਾਰੇ ਸੋਚਣ ਲੱਗੇ ਹਨ। ਸਿੱਧੂ ਸ਼ਹਿਨਸ਼ਾਹ ਹੈ ਤੇ ਨਾ ਮੈਨੂੰ ਵਰਤਮਾਨ ਦਾ ਫਿਕਰ ਤੇ ਨਾ ਭਵਿੱਖ ਦਾ। ਸ਼ਹਿਨਸ਼ਾਹ ਦੀ ਅਮੀਰੀ ਨਾਲ ਦਿਲੋਂ ਹੁੰਦੀ ਹੈ। ਇਹ ਗੱਲ ਪੰਜਾਬ ਦੇ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੀਰਤਪੁਰ ਸਾਹਿਬ ਦੇ ਪਿੰਡ ਸ਼ਾਹਪੁਰ ਬੇਲਾ 'ਚ ਪੁਲ ਦੇ ਉਦਘਾਟਨ ਮੌਕੇ ਏਬੀਪੀ ਸਾਂਝਾ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ। ਇਸ ਪੁਲ ਨੂੰ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਬਣਵਾਇਆ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ 'ਚ ਲੋਕ ਬਹੁਤ ਵੱਡੇ ਹੁੰਦੇ ਹਨ ਤੇ ਲੋਕਾਂ ਨੂੰ ਚੰਗੇ ਤੇ ਮਾੜੇ ਲੀਡਰਾਂ ਬਾਰੇ ਚੰਗੀ ਤਰ੍ਹਾਂ ਪਤਾ ਹੈ। ਹੌਲੀ ਹੌਲੀ ਮਾੜੇ ਲੀਡਰ ਖ਼ਤਮ ਹੋਣਗੇ ਤੇ ਸਿਆਸਤ ਚੰਗੀ ਹੋਵੇਗੀ। ਸਿੱਧੂ ਨੇ ਕਿਹਾ ਕਿ ਸਾਡੀ ਸਰਕਾਰ ਕੰਮ ਕਰ ਰਹੀ ਹੈ ਤੇ ਹੌਲੀ-ਹੌਲੀ ਕੰਮ ਅੱਗੇ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਮੇਰੇ ਲਈ ਬਾਬਾ ਲਾਭ ਸਿੰਘ ਜੀ ਇਬਾਦਤ ਹਨ ਤੇ ਉਹ ਸਭ ਲਈ ਚਾਨਣ ਮੁਨਾਰੇ ਹਨ। ਉਨ੍ਹਾਂ ਕਿਹਾ ਕਿ ਬਾਬਾ ਜੀ ਨੇ ਇਹ ਪੁਲ ਹੀ ਨਹੀਂ ਹੋਰ ਬਹੁਤ ਕੁਝ ਬਣਵਾਇਆ ਹੈ। ਬਾਬਾ ਜੀ ਦੀ ਨਿਸ਼ਕਾਮ ਸੇਵਾ ਨੂੰ ਸਾਡਾ ਸਲਾਮ ਹੈ। ਇਸ ਮੌਕੇ ਅਕਾਲੀ ਲੀਡਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਬਾਬਾ ਜੀ ਬਹੁਤ ਵਧੀਆ ਕੰਮ ਕਰ ਰਹੇ ਹਨ ਤੇ ਸਾਡਾ ਸਹਿਯੋਗ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੇ ਸਮੇਂ ਅਸੀਂ ਕਈ ਪੁਲ ਬਣਾਏ ਹਨ।