ਚੰਡੀਗੜ੍ਹ: ਪੰਜਾਬ ਦੇ ਸਾਬਕਾ ਬਿਜਲੀ ਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਭਤੀਜੇ ਨੂੰ ਇੱਕ ਜ਼ਮੀਨੀ ਵਿਵਾਦ 'ਚ ਪੁਲਿਸ ਨੇ ਗ੍ਰਿਫਤਾਰ ਕਰਨ ਤੋਂ ਬਾਅਦ ਉਸ ਦੇ ਰਿਵਾਇਤੀ ਵਿਰੋਧੀ ਸੁਖਪਾਲ ਖਹਿਰਾ ਨੇ ਮੁੜ ਮੋਰਚਾ ਖੋਲ੍ਹ ਦਿੱਤਾ ਹੈ। ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਯੂ.ਪੀ. ਦਾ ਚੋਰ ਹੈ, ਜੋ ਪੰਜਾਬ ਨੂੰ ਲੁੱਟਣ ਆਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਮੁੱਦੇ ਨੂੰ ਵਿਧਾਨ ਸਭ 'ਚ ਵੀ ਚੁੱਕਣਗੇ।

ਖਹਿਰਾ ਨੇ ਇਹ ਵੀ ਕਿਹਾ ਕਿ ਰਾਣਾ ਗੁਰਜੀਤ ਦਾ ਉਸ ਦੇ ਭਰਾ ਰਾਣਾ ਮਹਿੰਦਰਜੀਤ ਸਿੰਘ ਤੇ ਉਸ ਦੇ ਪੁੱਤਰਾਂ ਨਾਲ ਸਾਂਝਾ ਕਾਰੋਬਾਰ ਹੈ ਤੇ ਉਨ੍ਹਾਂ ਮਿਲੀਭੁਗਤ ਕਰ ਕੇ ਅਜਿਹੇ ਕੰਮਾਂ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਮੰਤਰੀ ਹੁੰਦਿਆਂ ਰਾਣਾ ਨੇ ਇਨ੍ਹਾਂ ਦੀ ਖ਼ੂਬ ਮਦਦ ਵੀ ਕੀਤੀ ਹੈ ਤੇ ਉਸ ਦੇ ਦਬਾਅ ਹੇਠ ਹੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਢਿੱਲ ਵਰਤੀ ਹੈ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ।

ਮੁੱਲਾਂਪੁਰ ਪੁਲਿਸ ਨੇ ਪੰਜਾਬ ਦੇ ਸਾਬਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਭਤੀਜੇ ਰਾਣਾ ਹਰਦੀਪ ਸਿੰਘ ਨੂੰ 2 ਕਰੋੜ ਦੇ ਜ਼ਮੀਨ ਘੁਟਾਲੇ ਦੇ ਇਲਜ਼ਾਮ ‘ਚ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਹਰਦੀਪ ਸਿੰਘ ਨੂੰ ਦੋ ਦਿਨਾਂ ਰਿਮਾਂਡ ‘ਤੇ ਲਿਆ ਹੈ।

ਸਾਬਕਾ ਬਿਜਲੀ ਮੰਤਰੀ ਦੇ ਭਤੀਜੇ ਰਾਣਾ ਹਰਦੀਪ ਸਿੰਘ ਖਿਲਾਫ ਦੋ ਕਰੋੜ 25 ਲੱਖ ਰੁਪਏ ਹੜੱਪਣ ਦੇ ਇਲਜ਼ਾਮ 'ਚ ਥਾਣਾ ਮੁੱਲਾਂਪੁਰ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪਿੰਡ ਮਿਲਖ ਦੇ ਰਹਿਣ ਵਾਲੇ ਗੁਰਚਰਨ ਸਿੰਘ ਨੇ ਰਾਣਾ ਹਰਦੀਪ ਸਿੰਘ ਤੇ ਉਸ ਦੇ ਭਰਾ ਰਾਣਾ ਪ੍ਰਭਦੀਪ ਸਿੰਘ ਤੇ ਦੋ ਪ੍ਰਾਪਰਟੀ ਡੀਲਰਾਂ ਖਿਲਾਫ ਵਿਸ਼ਵਾਤਘਾਤ ਕਰ ਕੇ ਜ਼ਮੀਨ ਹੜੱਪਣ ਦੇ ਇਲਜ਼ਾਮ ਹੇਠ ਸ਼ਿਕਾਇਤ ਦਰਜ ਕਰਵਾਈ ਹੈ।

ਪੁਲਿਸ ਨੇ ਪੜਤਾਲ ਕਰਨ ਤੋਂ ਬਾਅਦ ਮੁਲਜਮਾਂ ਖਿਲਾਫ ਧਾਰਾ 420,465,467,468,471,120 ਬੀ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ, ਰਾਣਾ ਹਰਦੀਪ ਸਿੰਘ ਸਾਬਾਕਾ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਭਰਾ ਰਾਣਾ ਮਹਿੰਦਰਜੀਤ ਸਿੰਘ ਦਾ ਪੁੱਤਰ ਹੈ ਅਤੇ ਫਤਿਹਰੁਪ ਸਥਿਤ ਫੈਕਟਰੀ ਦਾ ਡਾਇਰੈਕਟਰ ਹੈ। ਮੁੱਲਾਂਰਪੁਰ ਪੁਲਿਸ ਨੇ ਰਾਣਾ ਗੁਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਕੇ ਦੋ ਦਿਨਾ ਪੁਲਿਸ ਰਿਮਾਂਡ ਕੇ ਲਿਆ ਹੈ।