ਕੀਰਤਪੁਰ ਸਾਹਿਬ: ਸ਼ਬਦ ਸੇਵਾ ਦੇ ਅਰਥ ਵੱਡੇ ਹਨ ਤੇ ਇਨ੍ਹਾਂ ਵੱਡੇ ਅਰਥਾਂ ਨੂੰ ਅਮਲ 'ਚ ਸੰਤ ਬਾਬਾ ਲਾਭ ਸਿੰਘ ਜੀ ਕਾਰ ਸੇਵਾ ਵਾਲੇ ਲਿਆ ਰਹੇ ਹਨ। ਅੱਜ ਸੰਤ ਬਾਬਾ ਲਾਭ ਸਿੰਘ ਜੀ ਨੇ ਸ਼ਾਹਪੁਰ ਬੇਲਾ ਪਿੰਡ 'ਚ 10 ਕਰੋੜ ਰੁਪਏ ਰਕਮ ਨਾਲ ਪੁਲ ਬਣਾ ਨੇ ਸੇਵਾ ਦੇ ਅਰਥਾਂ ਨੂੰ ਅਮਲੀ ਜਾਮਾ ਅਪਣਾਇਆ ਹੈ। ਸੰਤ ਅਨੰਦਪੁਰ ਸਾਹਿਬ ਦੇ ਕਿਲਾ ਆਨੰਦਗੜ੍ਹ ਸਾਹਿਬ ਤੋਂ ਆਪਣੀ ਸੰਸਥਾ ਚਲਾਉਂਦੇ ਹਨ ਤੇ ਇਹ ਕਾਰ ਸੇਵਾ ਦਲ ਬਹੁਤ ਲੰਮੇ ਸਮੇਂ ਤੋਂ ਅਜਿਹੇ ਸੇਵਾ ਦੇ ਕੰਮ ਕਰ ਰਿਹਾ ਹੈ। ਅੱਜ ਵਾਲੇ ਨਿਰਮਾਣ ਸਮੇਤ ਹੁਣ ਤਕ ਬਾਬਾ ਲਾਭ ਸਿੰਘ ਜੀ ਸੱਤ ਪੁਲਾਂ ਦਾ ਨਿਰਮਾਣ ਕਰਵਾ ਚੁੱਕੇ ਹਨ।

ਇਸ ਮੌਕੇ ਬਾਬਾ ਜੀ ਨੇ ਕਿਹਾ ਕਿ ਉਨ੍ਹਾਂ ਨੂੰ ਪੜ੍ਹਾਈ ਦੇ ਸਮੇਂ ਤੋਂ ਹੀ ਇਸ ਦਾ ਸ਼ੌਕ ਸੀ ਤੇ ਇਸ ਕੰਮ 'ਚ ਉਹ ਕਾਫੀ ਸਮੇਂ ਤੋਂ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਸੰਗਤ ਦਾ ਹਮੇਸ਼ਾ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਰਿਹਾ ਹੈ। ਉਨ੍ਹਾਂ ਕਿਹਾ ਇਸ ਕੰਮ 'ਚ ਉਨ੍ਹਾਂ ਨੂੰ ਕਦੇ ਪੈਸੇ ਦੀ ਤੋਟ ਨਹੀਂ ਤੇ ਦੇਸ਼ ਵਿਦੇਸ਼ ਦੀ ਸੰਗਤ ਮਾਇਆ ਭੇਜਦੀ ਰਹੀ ਹੈ।

ਉਨ੍ਹਾਂ ਦੇ ਬੁਲਾਰੇ ਧਰਮਪਾਲ ਸਿੰਘ ਨੇ ਕਿਹਾ ਕਿ ਬਾਬਾ ਜੀ ਬਹੁਤ ਸਮੇਂ ਤੋਂ ਨਿਸ਼ਕਾਮ ਭਾਵ ਨਾਲ ਇਥੇ ਲੱਗੇ ਹਨ ਤੇ ਉਨ੍ਹਾਂ ਹਰਿਆਣਾ ਪੰਜਾਬ ਹੱਦ ਤਕ ਜਾ ਕੇ ਪੁਲਾਂ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਬਾ ਜੀ ਨੇ ਤਕਰੀਬਨ 29 ਸਕੂਲ ਤੇ ਕਾਲਜ ਵੀ ਬਣਾਏ ਹਨ ਤੇ ਇਨ੍ਹਾਂ ਨੂੰ ਬਣਾ ਕੇ ਸਰਕਾਰ ਨੂੰ ਸਪੁਰਦ ਕੀਤਾ ਹੈ। ਬਾਬਾ ਲਾਭ ਸਿੰਘ ਜੀ ਨੇ 500 ਲੜਕੀਆਂ ਦੇ ਵਿਆਹ ਵੀ ਕੀਤੇ ਹਨ।

ਬਾਬਾ ਜੀ ਵੱਲੋਂ ਪੀ.ਜੀ.ਆਈ. 'ਚ ਗੁਰਦੁਆਰਾ ਬਣਾ ਕੇ ਵੀ ਸੇਵਾ ਕੀਤੀ ਜਾ ਰਹੀ ਹੈ। ਚੰਡੀਗੜ੍ਹ ਦੇ ਇਸ ਵੱਡੇ ਹਸਪਤਾਲ ਵਿੱਚ ਉਨ੍ਹਾਂ ਦੇ ਯਤਨਾ ਸਦਕਾ 1,000 ਮਰੀਜ਼ ਤੇ ਉਨ੍ਹਾਂ ਦੇ ਵਾਰਸ ਰਿਸ਼ਤੇਦਾਰ ਠਹਿਰ ਸਕਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਦੀ ਸੰਗਤ ਅਜਿਹਾ ਕਾਰਜਾਂ ਲਈ ਲਗਾਤਾਰ ਪੈਸੇ ਭੇਜਦੀ ਹੈ।