ਸੀਰੀਆ: ਆਪਣੇ ਹੀ ਲੋਕਾਂ 'ਤੇ ਬੰਬ ਸੁੱਟ ਰਹੀ ਸਰਕਾਰ, 700 ਤੋਂ ਵੱਧ ਮੌਤਾਂ
ਏਬੀਪੀ ਸਾਂਝਾ | 03 Mar 2018 01:03 PM (IST)
ਨਵੀਂ ਦਿੱਲੀ: ਸੀਰੀਆ ਦੇ ਸ਼ਹਿਰ ਘੌਟਾ ਵਿੱਚ ਅੱਜ-ਕੱਲ੍ਹ ਹਾਲਾਤ ਬੇਹੱਦ ਖ਼ਰਾਬ ਹੁੰਦੇ ਜਾ ਰਹੇ ਹਨ। ਸ਼ਹਿਰ ਵਿੱਚ ਕਰੀਬ ਚਾਰ ਲੱਖ ਲੋਕ ਹਰ ਵੇਲੇ ਜ਼ਿੰਦਗੀ ਅਤੇ ਮੌਤ ਦੇ ਵਿਚਾਲੇ ਜੰਗ ਲੜ ਰਹੇ ਹਨ। ਦੇਸ਼ ਦੀ ਰਾਜਧਾਨੀ ਦਮਿਸ਼ਕ ਨੇੜੇ ਲਗਾਤਾਰ ਹਵਾਈ ਹਮਲੇ ਹੋ ਰਹੇ ਹਨ। ਇਨ੍ਹਾਂ ਹਮਲਿਆਂ ਵਿੱਚ ਸ਼ਹਿਰ ਖੰਡਰ ਬਣ ਗਿਆ ਹੈ। ਸੀਰੀਆ ਵਿੱਚ ਚੱਲ ਰਹੀ 'ਸਿਵਿਲ ਵਾਰ' ਅੱਠਵੇਂ ਸਾਲ ਵਿੱਚ ਹੈ। ਲੜਾਕਿਆਂ ਦੇ ਕਬਜ਼ੇ ਵਿੱਚ ਘੌਟਾ ਸ਼ਹਿਰ ਹੈ। ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ਅਸਦ ਨੇ ਬਹੁਤ ਸਾਰੇ ਸ਼ਹਿਰਾਂ ਨੂੰ ਆਈ.ਐਸ. ਅਤੇ ਦੇਸ਼ ਖਿਲਾਫ ਲੜ ਰਹੇ ਲੋਕਾਂ ਤੋਂ ਛੁਡਵਾ ਲਿਆ ਹੈ। ਘੌਟਾ 'ਤੇ ਕਬਜ਼ੇ ਲਈ ਰਾਸ਼ਟਰਪਤੀ ਨੇ ਰੂਸ ਨਾਲ ਮਿਲ ਕੇ ਆਪਣੇ ਲੋਕਾਂ 'ਤੇ ਹੀ ਕਹਿਰ ਢਾਹ ਦਿੱਤਾ ਹੈ। ਸਾਲ 2013 ਤੋਂ ਹੀ ਘੌਟਾ ਸ਼ਹਿਰ ਸੀਰੀਆ ਸਰਕਾਰ ਅਤੇ ਜੰਗ ਲੜਨ ਵਾਲਿਆਂ ਵਿਚਾਲੇ ਫਸਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਸ਼ਹਿਰ ਦਾ ਹਾਲ ਦੂਜੀ ਆਲਮੀ ਜੰਗ ਨਾਲੋਂ ਵੀ ਮਾੜਾ ਹੋ ਚੁੱਕਿਆ ਹੈ। ਸ਼ਹਿਰ ਵਿੱਚ ਨਾ ਤਾਂ ਦਵਾਈਆਂ ਹਨ ਅਤੇ ਨਾ ਹੀ ਖਾਣ-ਪੀਣ ਦੀਆਂ ਚੀਜ਼ਾਂ। ਹਸਪਤਾਲਾਂ ਨੂੰ ਵੀ ਤਬਾਹ ਕਰ ਦਿੱਤਾ ਗਿਆ ਹੈ। ਇੱਥੇ ਭੁੱਖਮਰੀ ਫੈਲ ਚੁੱਕੀ ਹੈ। ਪਿਛਲੇ ਸਾਲ ਰੂਸ ਅਤੇ ਇਰਾਨ ਨੇ ਕਿਹਾ ਸੀ ਕਿ ਉਹ ਇਸ ਹਿੱਸੇ ਵਿੱਚ ਆਪਣੇ ਜੰਗੀ ਜਹਾਜ਼ ਨਹੀਂ ਉਡਾਉਣਗੇ ਅਤੇ ਇੱਥੋਂ ਦੂਰ ਰਹਿਣਗੇ। ਬੀਤੀ 19 ਫਰਵਰੀ ਨੂੰ ਰੂਸੀ ਏਅਰਫੋਰਸ ਦੀ ਪਿੱਠ 'ਤੇ ਸਵਾਰ ਹੋ ਕੇ ਸੀਰੀਆਈ ਏਅਰਫੋਰਸ ਨੇ ਸ਼ਹਿਰ 'ਤੇ ਇੰਨੇ ਬੰਬ ਸੁੱਟੇ ਕਿ ਇਹ ਤਬਾਹ ਹੋ ਗਿਆ। ਐਮ.ਨੈਸ.ਟੀ. ਇੰਟਰਨੈਸ਼ਲ ਮੁਤਾਬਿਕ ਹੁਣ ਤੱਕ ਇੱਥੇ 700 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ਜਿਨ੍ਹਾਂ ਦੀ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ।