ਵੈਨਕੂਵਰ -ਵੈਨਕੂਵਰ ਅਧਾਰਤ ਰੈਡੀਕਲ ਦੇਸੀ ਪ੍ਰਕਾਸ਼ਨ ਵਲੋਂ ਜਸਟਿਨ ਟਰੂਡੋ ਤੋਂ ਕੈਨੇਡਾ ਵਿਚ ਭਾਰਤੀ ਏਜੰਟਾਂ ਦੀਆਂ ਸਰਗਰਮੀਆਂ ਦੀ ਜਾਂਚ ਕਰਨ ਦੀ ਮੰਗ ਕਰਦਿਆਂ ਇਕ ਆਨ-ਲਾਈਨ ਪਟੀਸ਼ਨ ਸ਼ੁਰੂ ਕੀਤੀ ਗਈ ਹੈ ਜਿਸ ਨੂੰ ਜ਼ੋਰਦਾਰ ਹੁੰਗਾਰਾ ਮਿਲ ਰਿਹਾ ਹੈ। 28 ਫਰਵਰੀ ਨੂੰ ਸ਼ੁਰੂ ਕੀਤੀ ਗਈ ਪਟੀਸ਼ਨ ਉੱਪਰ ਹੁਣ ਤਕ 2000 ਦੇ ਕਰੀਬ ਦਸਖ਼ਤ ਕੀਤੇ ਜਾ ਚੁੱਕੇ ਹਨ। ਇਹ ਗਿਣਤੀ ਵਧਣ ਦੀ ਸੰਭਾਵਨਾ ਹੈ ਕਿਉਂਕਿ ਸੋਸ਼ਲ ਮੀਡੀਆ ਉੱਪਰ ਪਟੀਸ਼ਨ ਵਿਚ ਲਗਾਤਾਰ ਰੁਚੀ ਲਈ ਜਾ ਰਹੀ ਹੈ।
ਇਹ ਪਹਿਲ-ਕਦਮੀਂ ਉਸ ਹਾਲੀਆ ਵਾਦ-ਵਿਦਾਦ ਦੀ ਰੋਸ਼ਨੀ ਵਿਚ ਲਈ ਗਈ ਜਿਸ ਵਿਚ ਟਰੂਡੋ ਦੀ ਭਾਰਤ ਫੇਰੀ ਘਿਰ ਗਈ। ਉੱਪਰ ਉਪਲਭਦ ਪਟੀਸ਼ਨ ਕੈਨੇਡਾ ਤੋਂ ਸਪਸ਼ਟ ਮੰਗ ਕਰਦੀ ਹੈ ਕਿ ਇਹ ਆਪਣੀ ਸਰਜ਼ਮੀਨ ਉੱਪਰ ਭਾਰਤੀ ਏਜੰਟਾਂ ਦੀਆਂ ਸਰਗਰਮੀਆਂ ਦੀ ਜਾਂਚ ਕਰੇ।
ਇਹ ਵਾਦ-ਵਿਵਾਦ ਮੁੱਖ ਤੌਰ 'ਤੇ ਭਾਰਤੀ ਆਗੂਆਂ ਵਲੋਂ ਸ਼ੁਰੂ ਕੀਤੇ ਸਨ ਜੋ ਕੈਨੇਡਾ ਉੱਪਰ ਸਿੱਖ ਵੱਖਵਾਦੀਆਂ ਦੀ ਪੁਸ਼ਤ-ਪਨਾਹੀ ਕਰਨ ਦਾ ਇਲਜ਼ਾਮ ਲਗਾ ਰਹੇ ਹਨ। ਇਸ ਤੱਥ ਦੇ ਬਾਵਜੂਦ ਕਿ ਸਿੱਖ ਖਾੜਕੂਵਾਦ ਬਹੁਤ ਪਹਿਲਾਂ ਖ਼ਤਮ ਹੋ ਚੁੱਕਾ ਹੈ, ਲੇਕਿਨ ਭਾਰਤੀ ਸਿਆਸਤਦਾਨ ਇਸ ਮੁੱਦੇ ਨੂੰ ਜਿਊਂਦਾ ਰੱਖਣਾ ਚਾਹੁੰਦੇ ਹਨ ਅਤੇ ਇਸ ਨੂੰ ਲੈਕੇ ਝੂਠਾ ਡਰ ਪੈਦਾ ਕਰਨਾ ਚਾਹੁੰਦੇ ਹਨ ਤਾਂ ਜੋ ਸਿੱਖਾਂ ਵਿਰੁੱਧ ਹਿੰਦੂ ਬਹੁਗਿਣਤੀ ਦੀ ਪਾਲਾਬੰਦੀ ਕੀਤੀ ਜਾ ਸਕੇ।
ਮੇਜ਼ਬਾਨ ਦੇਸ਼ ਵਲੋਂ ਨਾ ਕੇਵਲ ਟਰੂਡੋ ਨਾਲ ਰੁੱਖਾ ਸਲੂਕ ਕੀਤਾ ਗਿਆ ਸਗੋਂ ਭਾਰਤ ਵਿਚ ਸੱਜੇਪੱਖੀ ਸਰਕਾਰ ਦੇ ਪ੍ਰਭਾਵ ਹੇਠ ਪ੍ਰੈੱਸ ਨੇ ਗ਼ਲਤ ਰਿਪੋਰਟਿੰਗ ਵੀ ਕੀਤੀ। ਭਾਰਤ ਟਰੂਡੋ ਉੱਪਰ ਤਾਂ ਇਹ ਇਲਜ਼ਾਮ ਲਗਾਉਂਦਾ ਰਿਹਾ ਕਿ ਕੈਨੇਡਾ ਸਿੱਖ ਵੱਖਵਾਦੀਆਂ ਦੀ ਮਦਦ ਕਰ ਰਿਹਾ ਹੈ, ਖ਼ੁਦ ਭਾਰਤ ਸਰਕਾਰ ਵਲੋਂ ਇਕ ਸਾਬਕਾ ਸਿੱਖ ਵੱਖਵਾਦੀ ਜਸਪਾਲ ਸਿੰਘ ਅਟਵਾਲ ਨੂੰ ਵੀਜ਼ਾ ਦਿੱਤਾ ਗਿਆ ਅਤੇ ਬਹੁਤ ਸਾਰੇ ਸਿੱਖ ਵੱਖਵਾਦੀਆਂ ਦੇ ਨਾਂ ਕਾਲੀ ਸੂਚੀ ਵਿੱਚੋਂ ਹਟਾਏ ਗਏ ਹਨ ਜੋ ਬਦੇਸ਼ ਵਿਚ ਰਹਿ ਰਹੇ ਹਨ। ਦਿੱਲੀ ਵਿਚ ਪ੍ਰਧਾਨ ਮੰਤਰੀ ਵਲੋਂ ਦਿੱਤੇ ਜਾ ਰਹੇ ਰਾਤਰੀ ਭੋਜ ਉੱਪਰ ਕੈਨੇਡੀਅਨ ਹਾਈ ਕਮਿਸ਼ਨ ਵਲੋਂ ਅਟਵਾਲ ਨੂੰ ਸੱਦਾ ਦਿੱਤਾ ਗਿਆ ਸੀ ਜਿਸਨੇ ਬਹੁਤ ਸਾਰੇ ਸਵਾਲ ਖੜ੍ਹੇ ਕੀਤੇ ਹਨ।
ਪਟੀਸ਼ਨ ਵਿਚ ਕਿਹਾ ਗਿਆ ਹੈ ''ਇਹ ਸਾਰਾ ਕੁਝ ਮੰਗ ਕਰਦਾ ਹੈ ਕਿ ਭਾਰਤ ਸਰਕਾਰ ਤੋਂ ਇਸਦੀ ਵਿਆਖਿਆ ਮੰਗੀ ਜਾਵੇ ਅਤੇ ਇਸ ਸਮੁੱਚੇ ਘਟਨਾਕ੍ਰਮ ਦਾ ਸੱਚ ਸਾਹਮਣੇ ਲਿਆਂਦਾ ਜਾਵੇ। ਇਹ ਜ਼ਰੂਰੀ ਹੈ ਕਿ ਕੈਨੇਡਾ ਹਰਕਤ ਵਿਚ ਆਵੇ ਅਤੇ ਉਹਨਾਂ ਭਾਰਤੀ ਅਧਿਕਾਰੀਆਂ ਵਿਰੁੱਧ ਕਾਰਵਾਈ ਕਰੇ ਜੋ ਇਸ ਗੜਬੜ ਲਈ ਜ਼ਿੰਮੇਵਾਰ ਹਨ ਅਤੇ ਉਹਨਾਂ ਨੂੰ ਤੁਰੰਤ ਚਲਦਾ ਕੀਤਾ ਜਾਵੇ।''