ਵਾਸ਼ਿੰਗਟਨ: ਅਮਰੀਕਾ ਦੀ ਇੱਕ ਅਦਾਲਤ ਨੇ ਨੀਰਵ ਮੋਦੀ ਦੇ ਮਾਲਕਾਨਾ ਹੱਕ ਵਾਲੀ ਕੰਪਨੀ ਫਾਇਰਸਟਾਰ ਡਾਇਮੰਡ ਦੇ ਲੈਣਦਾਰਾਂ 'ਤੇ ਰੋਕ ਲਾ ਦਿੱਤੀ ਹੈ। ਇਸ ਕੰਪਨੀ ਨੇ ਖੁਦ ਨੂੰ ਦਿਵਾਲੀਆ ਐਲਾਣਨ ਦਾ ਪ੍ਰੋਗਰਾਮ ਬਣਾ ਲਿਆ ਹੈ। ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਤੋਂ ਕਰੀਬ ਦੋ ਅਰਬ ਡਾਲਰ ਦੀ ਧੋਖਾਧੜੀ ਕਰ ਗਿਆ ਹੈ।
ਨਿਊਯਾਰਕ ਦੇ ਸਦਰਨ ਡਿਸਟ੍ਰਿਕਿਟ ਵਿੱਚ ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਹੈ ਕਿ ਦਿਵਾਲੀਆ ਐਲਾਨੇ ਜਾਣ ਤੱਕ ਲੋਕ ਲਾਈ ਜਾਂਦੀ ਹੈ। ਫਾਇਰਸਟਾਰ ਡਾਇਮੰਡ ਨੇ ਅਮਰੀਕਾ ਵਿੱਚ ਦਿਵਾਲੀਆ ਕਾਨੂੰਨ ਤਹਿਤ ਬਚਾਉਣ ਦਾ ਦਾਅਵਾ ਕੀਤਾ ਹੈ। ਫਾਇਰਸਟਾਰ ਡਾਇਮੰਡ ਇੰਕ ਨੇ ਅਦਾਲਤ ਵਿੱਚ 'ਚੈਪਟਰ 11' ਤਹਿਤ ਪਟੀਸ਼ਨ ਲਾਈ ਹੈ।
ਕੰਪਨੀ ਦੀ ਵੈਬਸਾਇਟ ਮੁਤਾਬਕ ਉਸ ਦਾ ਕਾਰੋਬਾਰ ਅਮਰੀਕਾ, ਯੂਰਪ, ਪੱਛਮੀ ਏਸ਼ੀਆ ਤੇ ਭਾਰਤ ਸਣੇ ਕਈ ਮੁਲਕਾਂ ਵਿੱਚ ਫੈਲ ਚੁੱਕਿਆ ਹੈ। ਉਸ ਨੇ ਆਪਣੇ ਮੌਜੂਦਾ ਹਾਲਾਤ ਲਈ ਸਪਲਾਈ ਤੇ ਕੈਸ਼ ਦੀ ਦਿੱਕਤ ਦੱਸੀ ਹੈ। ਅਦਾਲਤ ਵਿੱਚ ਦਾਖਲ ਕੀਤੇ ਕਾਗਜ਼ਾਂ ਮੁਤਾਬਕ ਕੰਪਨੀ ਨੇ 10 ਕਰੋੜ ਡਾਲਰ ਦਾ ਕਰਜ਼ ਦੱਸਿਆ ਹੈ। ਨੀਰਵ ਮੋਦੀ, ਉਸ ਦੇ ਮਾਮਾ ਮੇਹੁਲ ਚੌਕਸੀ ਤੇ ਉਸ ਨਾਲ ਜੁੜੀਆਂ ਫਰਮਾਂ 'ਤੇ ਪੀਐਨਬੀ ਨੇ 12,717 ਕਰੋੜ ਦੀ ਧੋਖਾਧੜੀ ਦਾ ਇਲਜ਼ਾਮ ਲਾਇਆ ਹੈ।