ਨਵੀਂ ਦਿੱਲੀ: ਭਾਰਤ ਤੇ ਜੌਰਡਨ ਨੇ ਦਹਿਸ਼ਤਗਰਦੀ ਨਾਲ ਨਜਿੱਠਣ ਲਈ ਰੱਖਿਆ ਸਹਿਯੋਗ ਵਧਾਉਣ ਤੇ ਸਾਈਬਰ ਸੁਰੱਖਿਆ ਅਪਰਾਧਾਂ ਨੂੰ ਰੋਕਣ ਦਾ ਫ਼ੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜੌਰਡਨ ਦੇ ਸ਼ਾਹ ਅਬਦੁੱਲਾ ਦੋਇਮ ਦਰਮਿਆਨ ਰਣਨੀਤੀ ਪੱਖੋਂ ਕਈ ਅਹਿਮ ਮੁੱਦਿਆਂ ’ਤੇ ਗੱਲਬਾਤ ਕੀਤੀ ਗਈ। ਦੋਵੇਂ ਆਗੂਆਂ ਨੇ ਸਪਸ਼ਟ ਸੁਨੇਹਾ ਦਿੱਤਾ ਕਿ ਦਹਿਸ਼ਤਗਰਦੀ ਤੇ ਕੱਟੜਵਾਦ ਕਿਸੇ ਵੀ ਧਰਮ ਨਾਲ ਜੁੜੇ ਹੋਏ ਨਹੀਂ।

ਦੋਵੇਂ ਆਗੂਆਂ ਨੇ ਸੀਰੀਆ ਦੇ ਸ਼ਰਨਾਰਥੀਆਂ ਤੋਂ ਲੈ ਕੇ ਫਲਸਤੀਨ ਤਕ ਕਈ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਵਿਦੇਸ਼ ਮੰਤਰਾਲੇ ਦੇ ਸਕੱਤਰ (ਆਰਥਿਕ ਸਬੰਧ) ਟੀਐਸ ਤਿਰੂਮੂਰਤੀ ਨੇ ਕਿਹਾ ਕਿ ਉਨ੍ਹਾਂ ਆਰਥਿਕ ਖੇਤਰ ’ਚ ਵੀ ਸਹਿਯੋਗ ਵਧਾਉਣ ਦਾ ਅਹਿਦ ਲਿਆ। ਮੋਦੀ ਤੇ ਸ਼ਾਹ ਅਬਦੁੱਲਾ ਦਰਮਿਆਨ ਗੱਲਬਾਤ ਮਗਰੋਂ ਦੋਵੇਂ ਮੁਲਕਾਂ ਨੇ ਰੱਖਿਆ, ਸਿਹਤ ਤੇ ਮੈਡੀਸਨ, ਜੌਰਡਨ ’ਚ ਨਵੀਂ ਪੀੜ੍ਹੀ ਦਾ ਸੈਂਟਰ ਆਫ਼ ਐਕਸੀਲੈਂਸ ਸਥਾਪਤ ਕਰਨ, ਖਾਦ ਤੇ ਫਾਸਫੇਟ ਦੀ ਸਪਲਾਈ ਤੇ ਜੌਰਡਨ ਯੂਨੀਵਰਸਿਟੀ ’ਚ ਹਿੰਦੀ ਚੇਅਰ ਸਥਾਪਤ ਕਰਨ ਸਮੇਤ 12 ਸਮਝੌਤਿਆਂ ’ਤੇ ਦਸਤਖ਼ਤ ਕੀਤੇ।

ਇਸ ਤੋਂ ਪਹਿਲਾਂ ਦੋਵੇਂ ਆਗੂਆਂ ਨੇ ਇਸਲਾਮਿਕ ਵਿਰਸੇ ਸਬੰਧੀ ਕਾਨਫਰੰਸ ਨੂੰ ਸੰਬੋਧਨ ਕੀਤਾ ਜਿਸ ’ਚ ਮੋਦੀ ਨੇ ਕਿਹਾ ਕਿ ਦਹਿਸ਼ਤਗਰਦੀ ਤੇ ਕੱਟੜਵਾਦ ਖ਼ਿਲਾਫ਼ ਕਾਰਵਾਈ ਕਿਸੇ ਧਰਮ ਖ਼ਿਲਾਫ਼ ਨਹੀਂ। ਉਨ੍ਹਾਂ ਕਿਹਾ ਕਿ ਇਹ ਤਾਂ ਉਸ ਮਾਨਸਿਕਤਾ ਖ਼ਿਲਾਫ਼ ਜੰਗ ਹੈ ਜੋ ਬੇਕਸੂਰਾਂ ਵਿਰੁੱਧ ਵਧੀਕੀਆਂ ਲਈ ਨੌਜਵਾਨਾਂ ਨੂੰ ਗੁੰਮਰਾਹ ਕਰਦੇ ਹਨ। ਤਿਰੂਮੂਰਤੀ ਨੂੰ ਜਦੋਂ ਇਰਾਕ ’ਚ ਲਾਪਤਾ 39 ਭਾਰਤੀਆਂ ਦਾ ਮੁੱਦਾ ਜੌਰਡਨ ਨਾਲ ਉਠਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ।