ਵਾਸ਼ਿੰਗਟਨ: ਅਮਰੀਕਾ ਨੂੰ ਅਜੇ ਵੀ ਪਾਕਿਸਤਾਨ 'ਤੇ ਕੋਈ ਯਕੀਨ ਨਹੀਂ ਹੈ। ਬੇਸ਼ੱਕ ਪਾਕਿਸਤਾਨ ਨੇ ਕੁਝ ਅੱਤਵਾਦੀ ਜਥੇਬੰਦੀਆਂ ਉੱਪਰ ਪਾਬੰਦੀ ਲਾਈ ਹੈ ਪਰ ਅਮਰੀਕੀ ਸੈਂਟਰਲ ਕਮਾਂਡ ਦੇ ਕਮਾਂਡਰ ਜਨਰਲ ਜੋਜ਼ੇਫ਼ ਵੋਟੇਲ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਅਜੇ ਫ਼ੌਜੀ ਸਹਾਇਤਾ ਨਹੀਂ ਮਿਲੇਗੀ ਕਿਉਂਕਿ ਉਸ ਨੇ ਤਾਲਿਬਾਨ ਤੇ ਹੱਕਾਨੀ ਨੈੱਟਵਰਕ ਖ਼ਿਲਾਫ਼ ਕੋਈ ਫ਼ੈਸਲਾਕੁਨ ਕਦਮ ਨਹੀਂ ਚੁੱਕਿਆ।

ਹਥਿਆਰਬੰਦ ਸੇਵਾਵਾਂ ਬਾਰੇ ਸੈਨੇਟ ਦੀ ਕਮੇਟੀ ਦੇ ਮੈਂਬਰਾਂ ਨੂੰ ਉਨ੍ਹਾਂ ਕਿਹਾ,‘‘ਮੌਜੂਦਾ ਸਮੇਂ ਇਹੋ ਹਾਲਾਤ ਹਨ ਤੇ ਮੈਂ ਆਸਵੰਦ ਹਾਂ ਕਿ ਫ਼ੈਸਲੇ ਬਾਰੇ ਭਵਿੱਖ ’ਚ ਨਜ਼ਰਸਾਨੀ ਹੋ ਸਕਦੀ ਹੈ।’’ ਇੰਡੀਆਨਾ ਦੇ ਸੈਨੇਟਰ ਜਿਮ ਬੈਂਕਸ ਸਮੇਤ ਹੋਰਾਂ ਨੇ ਜਦੋਂ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਫ਼ੌਜੀ ਸਹਾਇਤਾ ਰੋਕੇ ਜਾਣ ਦੇ ਭਵਿੱਖ ਬਾਰੇ ਪੁੱਛਿਆ ਤਾਂ ਵੋਟੇਲ ਨੇ ਕਿਹਾ ਕਿ ਅਮਰੀਕਾ ਦੇ ਦਬਾਅ ਕਾਰਨ ਸੰਚਾਰ, ਸੂਚਨਾਵਾਂ ਦੇ ਆਦਾਨ-ਪ੍ਰਦਾਨ ਤੇ ਜ਼ਮੀਨੀ ਪੱਧਰ ’ਤੇ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ।

ਸੰਕੇਤਾਂ ਨੂੰ ਹਾਂ-ਪੱਖੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਨਾ ਕੀਤੇ ਜਾਣ ਕਰਕੇ ਸਰਹੱਦ ਪਾਰ ਦਹਿਸ਼ਤੀ ਹਮਲਿਆਂ ’ਚ ਵਾਧਾ ਹੋ ਗਿਆ ਹੈ। ਇਸੇ ਕਾਰਨ ਪਾਕਿਸਤਾਨ ਅਤੇ ਅਫ਼ਗਾਨਿਸਤਾਨ ’ਚ ਸਰਹੱਦੀ ਸੁਰੱਖਿਆ ਸਬੰਧੀ ਤਾਲਮਾਲ ਬਣਾਉਣ ਦੀਆਂ ਕੋਸ਼ਿਸ਼ਾਂ ’ਚ ਵੀ ਅੜਿੱਕਾ ਖੜ੍ਹਿਆ ਹੋਇਆ ਹੈ। ਜਨਰਲ ਨੇ ਕਿਹਾ ਕਿ ਅਮਰੀਕਾ ਨੇ ਪਾਕਿਸਤਾਨ ਨਾਲ ਫ਼ੌਜੀ ਸਬੰਧ ਕਾਇਮ ਰੱਖੇ ਹਨ ਤੇ ਅਸਰਅੰਦਾਜ਼ ਫ਼ੌਜੀ ਅਧਿਕਾਰੀਆਂ ਨਾਲ ਪਾਰਦਰਸ਼ਿਤਾ ਤੇ ਸੰਚਾਰ ਵਧਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ।