ਚੰਡੀਗੜ੍ਹ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਖਾਲਿਸਤਾਨ ਪੱਖੀ ਜਸਪਾਲ ਅਟਵਾਲ ਨੂੰ ਡਿਨਰ ’ਤੇ ਸੱਦਾ ਦੇਣ ਵਾਲੇ ਲਿਬਰਲ ਸੰਸਦ ਮੈਂਬਰ ਰਣਦੀਪ ਸਿੰਘ ਸਰਾਏ ਨੇ ਅਸਤੀਫਾ ਦੇ ਦਿੱਤਾ ਹੈ। ਰਣਦੀਪ ਸਰਾਏ ਨੇ ਪਹਿਲਾਂ ਹੀ ਇਸ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਮੁਆਫ਼ੀ ਮੰਗ ਲਈ ਸੀ। ਹੁਣ ਉਨ੍ਹਾਂ ਨੇ ਸੰਸਦ ਵਿਚਲੀ ਪੈਸੇਫਿਕ ਕਾਕਸ ਦੇ ਮੁਖੀ ਦੇ ਅਹੁਦੇ ਤੋਂ ਅਸਤੀਫ਼ਾ ਵੀ ਦੇ ਦਿੱਤਾ ਹੈ। ਉਂਜ ਉਹ ਸੰਸਦ ਮੈਂਬਰ ਬਣੇ ਰਹਿਣਗੇ।
ਅਟਵਾਲ 1985 ’ਚ ਸਾਬਕਾ ਸਿਆਸਤਦਾਨ ਉੱਜਲ ਦੋਸਾਂਝ ਤੇ 1986 ’ਚ ਵੈਨਕੂਵਰ ਦੌਰੇ ’ਤੇ ਗਏ ਪੰਜਾਬ ਦੇ ਸਾਬਕਾ ਮੰਤਰੀ ਮਲਕੀਤ ਸਿੰਘ ਸਿੱਧੂ ’ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ’ਚ ਨਾਮਜ਼ਦ ਹੋਇਆ ਸੀ ਪਰ ਸਜ਼ਾਵਾਂ ਤੋਂ ਬਚਿਆ ਰਿਹਾ। ਸਰਾਏ ਨੇ ਕਿਹਾ ਕਿ ਉਹ ਆਪਣੀ ਕੋਤਾਹੀ ਸਵੀਕਾਰਦੇ ਹੋਏ ਅਹੁਦਾ ਛੱਡ ਰਹੇ ਹਨ।
ਉਧਰ ਭਾਰਤ ਨੇ ਕਿਹਾ ਹੈ ਕਿ ਸਜ਼ਾਯਾਫ਼ਤਾ ਜਸਪਾਲ ਅਟਵਾਲ ਦੇ ਕੈਨੇਡੀਅਨ ਹਾਈ ਕਮਿਸ਼ਨਰ ਵੱਲੋਂ ਮੁੰਬਈ ’ਚ ਕਰਵਾਏ ਪ੍ਰੋਗਰਾਮ ਜਾਂ ਦਿੱਲੀ ’ਚ ਸਫ਼ੀਰ ਵੱਲੋਂ ਦਿੱਤੇ ਗਏ ਸੱਦੇ ਨਾਲ ਭਾਰਤ ਦਾ ਕੁਝ ਵੀ ਲੈਣਾ-ਦੇਣਾ ਨਹੀਂ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਵੀਸ਼ ਕੁਮਾਰ ਨੇ ਕਿਹਾ ਕਿ ਸੁਰੱਖਿਆ ਏਜੰਸੀਆਂ ਸਮੇਤ ਭਾਰਤ ਸਰਕਾਰ ਦਾ ਜਸਪਾਲ ਅਟਵਾਲ ਦੀ ਮੌਜੂਦਗੀ ਨਾਲ ਕੁਝ ਵੀ ਲੈਣਾ-ਦੇਣਾ ਨਹੀਂ।