Accident News: ਸ਼੍ਰੀ ਮੁਕਤਸਰ ਸਹਿਬ ਵਿੱਚ ਹੋਏ ਭਿਆਨਕ ਹਾਦਸੇ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇੱਥੇ ਇੱਕ ਬੇਕਾਬੂ ਕਾਰ ਨੇ ਦੋ ਬਜ਼ੁਰਗਾਂ ਸਮੇਤ ਤਿੰਨ ਲੋਕਾਂ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਬਜ਼ੁਰਗ ਕਈ ਕਾਰਾਂ ਨਾਲ ਟਕਰਾ ਗਏ ਤੇ ਕਈ ਫੁੱਟ ਉੱਚੀ ਉਛਲ ਕੇ ਅੱਗੇ ਜਾ ਡਿੱਗੇ। ਇਸ ਤੋਂ ਇਲਾਵਾ ਕਾਰ ਨੇ ਇੱਕ ਬਾਈਕ ਸਵਾਰ ਨੂੰ ਵੀ ਟੱਕਰ ਮਾਰ ਦਿੱਤੀ ਤੇ ਫਿਰ ਹਸਪਤਾਲ ਦੀ ਪਾਰਕਿੰਗ ਵਿੱਚ ਜਾ ਵੜੀ। ਹਾਦਸੇ ਤੋਂ ਬਾਅਦ ਪੁਲਿਸ ਹੁਣ ਕਾਰ ਦੇ ਮਾਲਕ ਨੂੰ ਲੱਭਣ ਵਿੱਚ ਲੱਗੀ ਹੋਈ ਹੈ। ਜ਼ਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।


ਇਹ ਘਟਨਾ ਸ਼੍ਰੀ ਮੁਕਤਸਰ ਸਹਿਬ ਦੇ ਰਾਜਿੰਦਰਾ ਹਸਪਤਾਲ ਨੇੜੇ ਵਾਪਰੀ। ਹਾਸਲ ਜਾਣਕਾਰੀ ਅਨੁਸਾਰ ਬਜ਼ੁਰਗ ਜੋੜਾ ਸੜਕ ਕਿਨਾਰੇ ਖੜ੍ਹਾ ਕਿਸੇ ਦੀ ਉਡੀਕ ਕਰ ਰਿਹਾ ਸੀ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਸਫ਼ੈਦ ਰੰਗ ਦੀ ਸੈਂਟਰੋ ਕਾਰ ਆਈ ਤੇ ਸਿੱਧੀ ਬਜ਼ੁਰਗ ਜੋੜੇ ਨੂੰ ਟੱਕਰ ਮਾਰ ਦਿੱਤੀ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸੇ ਤਰ੍ਹਾਂ ਅੱਗੇ ਜਾ ਕੇ ਕਾਰ ਨੇ ਬਾਈਕ ਸਵਾਰ ਨੂੰ ਵੀ ਟੱਕਰ ਮਾਰ ਦਿੱਤੀ। ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ।


ਇਸ ਤੋਂ ਪਹਿਲਾਂ ਕਿ ਲੋਕ ਕੁਝ ਸਮਝ ਪਾਉਂਦੇ, ਡਰਾਈਵਰ ਕਾਰ ਛੱਡ ਕੇ ਉਥੋਂ ਭੱਜ ਗਿਆ। ਸਥਾਨਕ ਲੋਕਾਂ ਨੇ ਬਜ਼ੁਰਗ ਨੂੰ ਹਸਪਤਾਲ ਪਹੁੰਚਾਉਣ ਲਈ ਪੁਲਿਸ ਤੇ ਐਂਬੂਲੈਂਸ ਨੂੰ ਬੁਲਾਇਆ। ਸਮੇਂ ਸਿਰ ਇਲਾਜ ਮਿਲਣ ਕਾਰਨ ਲਹੂ-ਲੁਹਾਨ ਬਜ਼ੁਰਗ ਜੋੜੇ ਦੀ ਜਾਨ ਬਚ ਗਈ। ਫਿਲਹਾਲ ਬਾਈਕ ਸਵਾਰ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਬਜ਼ੁਰਗ ਜੋੜਾ ਅਜੇ ਵੀ ਹਸਪਤਾਲ 'ਚ ਜ਼ੇਰੇ ਇਲਾਜ ਹੈ।


ਮੁਕਤਸਰ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰਿਆਂ ਤੋਂ ਫੁਟੇਜ਼ ਲਈ ਗਈ ਹੈ। ਕਾਰ ਚਾਲਕ ਦਾ ਪਤਾ ਲਾਉਣ ਲਈ ਪੁੱਛਗਿੱਛ ਜਾਰੀ ਹੈ। ਆਰਟੀਓ ਦਫ਼ਤਰ ਤੋਂ ਕਾਰ ਦੇ ਮਾਲਕ ਦਾ ਪਤਾ ਲਾਇਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਘਟਨਾ 'ਚ ਜ਼ਖਮੀਆਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਡਰਾਈਵਰ ਦੇ ਫੜੇ ਜਾਣ ਤੋਂ ਬਾਅਦ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।