Wheat procurement: ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇਗੀ। ਮੰਡੀ ਬੋਰਡ ਨੇ ਕਣਕ ਦੀ ਖਰੀਦ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਖਰੀਦ ਦਾ ਕੰਮ 45 ਦਿਨਾਂ ਵਿੱਚ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ।


ਪਰ ਤੂਫਾਨ ਅਤੇ ਮੀਂਹ ਕਾਰਨ ਫਸਲਾਂ ਵਿੱਚ ਵਿਛ ਜਾਣ ਅਤੇ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਕਣਕ ਨੂੰ ਮੰਡੀ ਅਤੇ ਖਰੀਦ ਕੇਂਦਰ ਤੱਕ ਪਹੁੰਚਣ ਵਿੱਚ ਸਮਾਂ ਲੱਗ ਸਕਦਾ ਹੈ। ਇਸ ਦੇ ਨਾਲ ਹੀ ਸੂਬਾ ਪੱਲੇਦਾਰ ਮਜ਼ਦੂਰ ਯੂਨੀਅਨ ਨੇ ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਸੂਬੇ ਭਰ ਵਿੱਚ ਕਣਕ ਦੀ ਲੋਡਿੰਗ-ਅਨਲੋਡਿੰਗ ਦੇ ਬਾਈਕਾਟ ਦਾ ਐਲਾਨ ਕੀਤਾ ਹੈ।


ਕਣਕ ਦੀ ਖਰੀਦ ਲਈ ਸੰਗਰੂਰ ਵਿੱਚ 172 ਅਤੇ ਮਲੇਰਕੋਟਲਾ ਵਿੱਚ 46 ਖਰੀਦ ਕੇਂਦਰ ਬਣਾਏ ਗਏ ਹਨ। ਇਸ ਤੋਂ ਇਲਾਵਾ ਆਰਜ਼ੀ ਖਰੀਦ ਕੇਂਦਰ ਵੀ ਤਿਆਰ ਕੀਤੇ ਜਾਣਗੇ ਤਾਂ ਜੋ ਕਿਸਾਨਾਂ ਨੂੰ ਕਣਕ ਦੀ ਵਿਕਰੀ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾਂ ਕਰਨਾ ਪਵੇ। ਵਿਭਾਗ ਨੇ ਸੰਗਰੂਰ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਵਿੱਚ 10.02 ਲੱਖ ਮੀਟ੍ਰਿਕ ਟਨ, ਬਠਿੰਡਾ, ਅੰਮ੍ਰਿਤਸਰ ਵਿੱਚ 8.50 ਲੱਖ, ਲੁਧਿਆਣਾ ਵਿੱਚ 8.13 ਲੱਖ, ਮੋਗਾ ਵਿੱਚ 6.92 ਲੱਖ, ਜਲੰਧਰ ਵਿੱਚ 5 ਲੱਖ, ਤਰਨਤਾਰਨ ਵਿੱਚ 4 ਲੱਖ, ਜਦਕਿ ਹੁਸ਼ਿਆਰਪੁਰ 'ਚ 3 ਲੱਖ 40 ਹਜ਼ਾਰ ਮੀਟ੍ਰਿਕ ਟਨ ਕਣਕ ਦੀ ਖਰੀਦ ਦਾ ਟੀਚਾ ਮਿਥਿਆ ਗਿਆ ਹੈ।


ਪਨਸਪ, ਵੇਅਰਹਾਊਸ, ਮਾਰਕਫੈੱਡ, ਪਨਗ੍ਰੇਨ ਅਤੇ ਐਫਸੀਆਈ ਕਣਕ ਦੀ ਖਰੀਦ ਕਰਨਗੇ। ਸਰਕਾਰੀ ਰੇਟ 2275 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ। ਰੋਪੜ ਦੀ ਅਨਾਜ ਮੰਡੀ ਵਿੱਚ ਖਰੀਦ ਦੀਆਂ ਤਿਆਰੀਆਂ ਅਜੇ ਵੀ ਅਧੂਰੀਆਂ ਹਨ। ਮੰਡੀ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਪਾਣੀ ਖੜ੍ਹਾ ਹੈ।


ਅਜਿਹਾ ਹੀ ਹਾਲ ਫ਼ਿਰੋਜ਼ਪੁਰ ਦੀ ਗੁਰੂਹਰਸਹਾਏ ਅਨਾਜ ਮੰਡੀ ਦਾ ਹੈ, ਹਾਲੇ ਤੱਕ ਕਣਕ ਦੀ ਖ਼ਰੀਦ ਲਈ ਠੋਸ ਪ੍ਰਬੰਧ ਨਹੀਂ ਕੀਤੇ ਗਏ ਹਨ। ਮੰਡੀ ਵਿੱਚ ਥਾਂ-ਥਾਂ ਗੰਦਗੀ ਦੇ ਢੇਰ ਲੱਗੇ ਨਜ਼ਰ ਆਏ। ਕਈ ਥਾਵਾਂ ’ਤੇ ਗੰਦਾ ਪਾਣੀ ਜਮ੍ਹਾਂ ਹੋ ਗਿਆ ਹੈ। ਅਜਿਹੇ 'ਚ ਜੇਕਰ ਕਿਸਾਨ ਫਸਲ ਲੈ ਕੇ ਆਉਣਗੇ ਤਾਂ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।