ਰੌਬਟ
ਚੰਡੀਗੜ੍ਹ: ਕੇਂਦਰੀ ਕੈਬਨਿਟ ਸਕੱਤਰ ਰਾਜੀਵ ਗੌਬਾ ਦੇ ਚੇਤਾਵਨੀ 'ਤੇ ਕਾਰਵਾਈ ਕਰਦਿਆਂ, ਪੰਜਾਬ ਸਰਕਾਰ ਨੇ ਆਪਣੇ 1,330 ਲਾਪਤਾ 'ਵਿਦੇਸ਼ੀ ਯਾਤਰੀਆਂ ਦਾ ਪਤਾ ਲਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਰਾਜ ਦੇ ਕੋਵਿਡ-19 ਦੇ 70 ਫੀਸਦੀ ਪੌਜ਼ੇਟਿਵ ਕੇਸ ਬਲਦੇਵ ਸਿੰਘ ਦੇ ਸੰਪਰਕ ਵਿੱਚ ਆਏ ਸੀ ਜੋ ਨਵਾਂ ਸ਼ਹਿਰ ਜ਼ਿਲ੍ਹੇ ਦੇ ਬੰਗਾ ਕਸਬੇ ਦਾ ਵਸਨੀਕ ਸੀ। ਉਸ ਦੀ 18 ਮਾਰਚ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਪਰ ਉਸ ਤੋਂ ਬਾਅਦ ਕਾਰੋਨਵਾਇਰਸ ਪੌਜ਼ੇਟਿਵ ਪਾਇਆ ਗਿਆ ਸੀ।
ਪੰਜਾਬ 'ਚ ਕੋਰੋਨਾਵਾਇਰਸ ਦੇ 38 ਪੌਜ਼ੇਟਿਵ ਕੇਸ ਹਨ ਤੇ 264 ਸ਼ੱਕੀਆਂ ਦੀ ਟੈਸਟ ਰਿਪੋਰਟ ਅਜੇ ਆਉਣੀ ਬਾਕੀ ਹੈ। ਵਰਤਮਾਨ ਵਿੱਚ, ਬਿਮਾਰੀ ਦਾ ਫੈਲਣ 22 ਵਿੱਚੋਂ 6 ਜ਼ਿਲ੍ਹਿਆਂ ਵਿੱਚ ਸੀਮਤ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਹ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ ਕਿਉਂਕਿ ‘ਗ੍ਰੰਥੀ’ ਬਲਦੇਵ ਸਿੰਘ ਹੋਲਾ ਮੁਹੱਲਾ ਦੇ ਸਮਾਗਮਾਂ ਵਿੱਚ ਸ਼ਾਮਲ ਹੋਇਆ ਸੀ। ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਹਰ ਸਾਲ 8 ਤੋਂ 10 ਮਾਰਚ ਦੇ ਵਿਚਕਾਰ ਇਕੱਠੇ ਹੁੰਦੇ ਹਨ। ਹੋਲਾ ਮੁਹੱਲਾ ਸਿੱਖ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੁੰਦਾ ਹੈ।
ਬਲਦੇਵ ਸਿੰਘ ਨੂੰ 7 ਮਾਰਚ ਨੂੰ ਦਿੱਲੀ ਦੇ ਆਈਜੀਆਈ ਹਵਾਈ ਅੱਡੇ ਉੱਤੇ ਉਤਰਨ ਤੋਂ ਬਾਅਦ ਖੁਦ ਨੂੰ ਬਾਕੀਆਂ ਤੋਂ ਅਲੱਗ ਰਹਿਣ ਲਈ ਕਿਹਾ ਗਿਆ ਸੀ। ਇਸ ਦੇ ਬਾਵਜੂਦ ਵੀ ਉਹ ਸ੍ਰੀ ਅਨੰਦਪੁਰ ਸਾਹਿਬ ਖੁੱਲ੍ਹੇ ਆਮ ਘੁੰਮਿਆ ਤੇ ਲੋਕਾਂ ਨਾਲ ਮੇਲ ਮਿਲਾਪ ਕੀਤਾ। ਬਲਦੇਵ ਦੀ ਮੌਤ ਤੋਂ ਬਾਅਦ ਉਸ ਦੇ ਸੰਪਰਕ ਦੇ 27 ਲੋਕ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਪਾਏ ਗਏ ਜਿਸ 'ਚ 14 ਮੈਂਬਰ ਉਸ ਦੇ ਪਰਿਵਾਰ ਦੇ ਹੀ ਸਨ।
ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਵੇਖਦਿਆਂ ਸੂਬਾ ਸਰਕਾਰ ਸ਼ਾਹਿਦ ਭਗਤ ਸਿੰਘ ਨਗਰ, ਹੁਸ਼ਿਆਰਪੁਰ ਤੇ ਪ੍ਰਵਾਸੀ ਭਾਰਤੀਆਂ ਦੇ ਮੁੱਖ ਕੇਂਦਰ ਜਲੰਧਰ 'ਚ ਬਲਦੇਵ ਸਿੰਘ ਦੀ ਜਾਣ-ਪਛਾਣ ਦਾ ਪਤਾ ਲਾ ਰਹੀ ਹੈ। ਸਿਹਤ ਅਧਿਕਾਰੀਆਂ ਵਲੋਂ ਕੀਤੇ ਗਏ ਮੁੜ ਮੁਲਾਂਕਣ ਅਨੁਸਾਰ, 30 ਜਨਵਰੀ ਤੋਂ 55,669 ਅੰਤਰਰਾਸ਼ਟਰੀ ਯਾਤਰੀ ਪੰਜਾਬ ਆਏ ਹਨ। ਪਹਿਲਾਂ ਇਹ ਅੰਕੜਾ 90 ਹਜ਼ਾਰ ਕਿਹਾ ਜਾ ਰਿਹਾ ਸੀ।
ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਰਕਾਰ ਨੇ ਸ਼ਨੀਵਾਰ ਨੂੰ ਫਿਰ ਤੋਂ 30 ਜਨਵਰੀ ਤੋਂ ਬਾਅਦ ਭਾਰਤ ਆਏ ਪਰਵਾਸੀ ਭਾਰਤੀਆਂ ਤੇ ਵਿਦੇਸ਼ੀ ਯਾਤਰੀਆਂ ਨੂੰ ਹੈਲਪਲਾਈਨ ਨੰਬਰ 112 ਤੇ ਤੁਰੰਤ ਆਪਣਾ ਵੇਰਵਾ ਦੇਣ ਲਈ ਕਿਹਾ ਹੈ। ਚੇਤਾਵਨੀ ਜਾਰੀ ਕਰਦਿਆਂ, ਸਰਕਾਰ ਨੇ ਕਿਹਾ ਕਿ ਜੇ ਕੋਈ ਪ੍ਰਵਾਸੀ ਭਾਰਤੀ ਜਾਂ ਵਿਦੇਸ਼ੀ ਯਾਤਰੀ ਜਾਣ ਬੁੱਝ ਕੇ ਇਸ ਜਾਣਕਾਰੀ ਨੂੰ ਛੁਪਾਉਂਦਾ ਹੈ ਤਾਂ ਅਧਿਕਾਰੀ ਉਸ ਵਿਰੁੱਧ ਸਖ਼ਤ ਕਾਰਵਾਈ ਕਰਨਗੇ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੁਲ 55,669 ਵਿਚੋਂ 13,723 ਵਿਦੇਸ਼ੀ ਯਾਤਰੀ ਜਲੰਧਰ ਜ਼ਿਲ੍ਹੇ ਤੋਂ ਹਨ। ਨਵਾਂਸ਼ਹਿਰ 'ਚ 1,605 ਵਿਦੇਸ਼ੀ ਯਾਤਰੀਆਂ ਨੇ ਪੈਰ ਪਾਇਆ ਹੈ। ਉਧਰ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਹ ਪਰਵਾਸੀ ਭਾਰਤੀ ਨਹੀਂ ਮਿਲੇ ਕਿਉਂਕਿ ਉਨ੍ਹਾਂ ਦੇ ਯਾਤਰਾ ਘੋਸ਼ਣਾਵਾਂ ਤੇ ਉਨ੍ਹਾਂ ਦੇ ਪਤੇ ਅਸਲ ਪਤਿਆਂ ਨਾਲ ਮੇਲ ਨਹੀਂ ਖਾਂਦੇ ਹਨ।
ਨਵਾਂਸ਼ਹਿਰ ਵਿੱਚ ਸਭ ਤੋਂ ਵੱਧ 19 ਕੋਰੋਨੈਵਾਇਰਸ ਮਰੀਜ਼ ਸਾਹਮਣੇ ਆਏ, ਇਸ ਤੋਂ ਬਾਅਦ ਮੁਹਾਲੀ ਅਤੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਛੇ-ਛੇ, ਜ਼ਿਲ੍ਹਾ ਜਲੰਧਰ ਵਿੱਚ ਪੰਜ, ਅੰਮ੍ਰਿਤਸਰ ਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਇਕ-ਇਕ ਮਰੀਜ਼ ਸਾਹਮਣੇ ਆਏ ਹਨ।