ਪਟਿਆਲਾ: ਪੁਲਿਸ ਨੇ ਅੱਜ ਨਕਲੀ ਦੁੱਧ ਤੇ ਹੋਰ ਪਦਾਰਥ ਬਣਾਉਣ ਵਾਲੇ ਵੱਡੇ ਰੈਕੇਟ ਦਾ ਪਰਦਾਫਾਸ ਕੀਤਾ ਹੈ। ਇਹ ਲੋਕ ਪੈਸੇ ਖਾਤਰ ਨਕਲੀ ਦੁੱਧ ਦਾ ਕਾਰੋਬਾਰ ਕਰਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਸੀ। ਪੁਲਿਸ ਵੱਲੋਂ ਦੇਵੀਗੜ੍ਹ ਕੋਲ ਛਾਪਾ ਮਾਰ ਕੇ ਵੱਡੀ ਮਾਤਰਾ ਵਿੱਚ ਨਕਲੀ ਦੁੱਧ, ਪਨੀਰ ਤੇ ਦੇਸੀ ਘਿਉ ਦਾ ਜ਼ਖ਼ੀਰਾ ਬਰਾਮਦ ਕੀਤਾ ਹੈ। ਇਸ ਦੇ ਨਾਲ ਸਵਾਲ ਉੱਠਿਆ ਹੈ ਕਿ ਕਿਵੇਂ ਨਕਲੀ ਦੁੱਧ ਰਾਹੀਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਹੀ ਹੈ।


ਪੁਲਿਸ ਨੇ 53 ਬੈਗ ਸੁੱਕਾ ਦੁੱਧ, 250 ਲੀਟਰ ਤੇਜ਼ਾਬ, 1530 ਲੀਟਰ ਕੈਮੀਕਲ, 750 ਲੀਟਰ ਸਿਰਕਾ, 10 ਕਵਿੰਟਲ 20 ਕਿੱਲੋ ਚਿੱਟਾ ਪਾਊਡਰ, 9 ਕਿੱਲੋ ਸਰਫ਼, 7000 ਲੀਟਰ ਦੁੱਧ, 3 ਟੈਂਕਰ, 20 ਕਵਿੰਟਲ ਪਨੀਰ, 45 ਕਿੱਲੋ ਮੱਖਣ, ਢਾਈ ਕਵਿੰਟਲ ਦੇਸੀ ਘਿਉ ਧਨਵੀ, 43 ਕਿੱਲੋ ਦੇਸੀ ਘਿਉ ਗੁਰਧਾਮ, ਖੁੱਲ੍ਹਾ ਦੇਸੀ ਘਿਉ 12 ਕਵਿੰਟਲ ਸਮੇਤ ਟੈਂਕਰ ਮੌਕੇ ਤੋਂ ਬਰਾਮਦ ਕੀਤਾ ਹੈ।


 

ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਵੱਖ-ਵੱਖ ਧਾਰਾਵਾਂ ਤਹਿਤ ਜੁਲਕਾ ਥਾਣਾ ਵਿੱਚ ਮੁਕੱਦਮਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਕਾਲੇ ਕਾਰੋਬਾਰ ਵਿੱਚ ਸ਼ਾਮਲ ਸਾਰੇ ਦੋਸ਼ੀ ਬੇਨਕਾਬ ਕੀਤੇ ਜਾਣਗੇ।