Guru Nanak Dev Ji : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਸਿਕਤਾਨ ਸਥਿਤ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਨਜ਼ਦੀਕ ਪਾਕਿਸਤਾਨ ਸਰਕਾਰ ਵੱਲੋਂ ਜਸ਼ਨ-ਏ-ਬਹਾਰਾਂ ਨਾਂ ਹੇਠ ਕਰਵਾਏ ਜਾ ਰਹੇ ਪ੍ਰੋਗਰਾਮ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਨੋਟਿਸ ਲਿਆ ਹੈ। ਇਸ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਆਦੇਸ਼ਾਂ ’ਤੇ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਮੁਹੰਮਦ ਲਤੀਫ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਮੀਰ ਸਿੰਘ ਅਤੇ ਦਿੱਲੀ ਸਥਿਤ ਪਾਕਿਸਤਾਨ ਦੂਤਾਵਾਸ ਨੂੰ ਪੱਤਰ ਲਿਖ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨਜ਼ਦੀਕ ਕੀਤੇ ਜਾਣ ਵਾਲੇ ਪ੍ਰੋਗਰਾਮ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ।
ਇਸ ਸਬੰਧ 'ਚ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਉਲੀਕਿਆ ਪ੍ਰੋਗਰਾਮ ਗੁਰੂ ਘਰ ਦੀ ਮਰਯਾਦਾ ਤੇ ਸਤਿਕਾਰ ਦੇ ਵਿਰੁੱਧ ਹੈ। ਇਸ ਲਈ ਇਹ ਨਹੀਂ ਹੋਣਾ ਚਾਹੀਦਾ।
ਉਨ੍ਹਾਂ ਨੇ ਪਾਕਿਸਤਾਨ ਸਰਕਾਰ ਵੱਲੋਂ ਕੀਤਾ ਜਾਣ ਵਾਲਾ ਜਸ਼ਨ-ਏ-ਬਹਾਰਾਂ ਪ੍ਰੋਗਰਾਮ ਗੁਰਮਤਿ ਵਿਰੁੱਧ ਕਰਾਰ ਦਿੱਤਾ ਅਤੇ ਇਸ ਨੂੰ ਬੰਦ ਕਰਵਾਉਣ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਿਸ਼ੇਸ਼ ਤੌਰ ’ਤੇ ਆਖਿਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਮੀਰ ਸਿੰਘ ਨੂੰ ਇਸ ਸੰਜੀਦਾ ਮਾਮਲੇ ਸਬੰਧੀ ਪਾਕਿਸਤਾਨ ਸਰਕਾਰ ਨਾਲ ਗੱਲ ਕਰਨ ਤਾਂ ਜੋ ਗੁਰਮਤਿ ਵਿਰੁੱਧ ਇਹ ਗਤੀਵਿਧੀ ਰੁਕ ਸਕੇ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਗੁਰਦੁਆਰਾ ਸਾਹਿਬਾਨ ਸਿੱਖ ਕੌਮ ਦੇ ਧਰਮ ਪ੍ਰਚਾਰ ਦੇ ਕੇਂਦਰ ਹਨ, ਜਿਥੋਂ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਦਾ ਸੁਨੇਹਾ ਪੂਰੀ ਮਾਨਵਤਾ ਨੂੰ ਦਿੱਤਾ ਜਾਂਦਾ ਹੈ। ਗੁਰਦੁਆਰਾ ਸਾਹਿਬਾਨ ਦੇ ਆਲੇ-ਦੁਆਲੇ ਦਾ ਮਾਹੌਲ ਸਿੱਖ ਮਰਯਾਦਾ ਅਨੁਸਾਰ ਲਾਜ਼ਮੀ ਹੁੰਦਾ ਹੈ, ਪਰ ਪਾਕਿਸਤਾਨ ਸਰਕਾਰ ਵੱਲੋਂ ਤੈਅ ਪ੍ਰੋਗਰਾਮ ਗੁਰਮਤਿ ਅਨੁਕੂਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਸਬੰਧੀ ਜਾਰੀ ਕੀਤੇ ਕਾਰਡ ਅਨੁਸਾਰ ਇਥੇ ਡਾਂਸ, ਕਵਾਲੀਆਂ, ਭੰਗੜਾ ਅਤੇ ਗਾਇਕੀ ਆਦਿ ਸਬੰਧੀ ਪ੍ਰੋਗਰਾਮ ਕੀਤੇ ਜਾਣੇ ਹਨ।
ਜਿਨ੍ਹਾਂ ਨਾਲ ਗੁਰਮਤਿ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਨੂੰ ਕਮਰਸ਼ੀਅਲ ਪੱਖ ਤੋਂ ਅੱਗੇ ਵਧਾਉਣਾ ਠੀਕ ਨਹੀਂ ਹੈ ਅਤੇ ਇਥੇ ਕੇਵਲ ਗੁਰਮਤਿ ਸਮਾਗਮ ਹੀ ਸਜਣੇ ਚਾਹੀਦੇ ਹਨ। ਜੇਕਰ ਇਹ ਪ੍ਰੋਗਰਾਮ ਹੁੰਦਾ ਹੈ ਤਾਂ ਇਸ ਨਾਲ ਗੁਰੂ ਘਰਾਂ ਦੇ ਸਰੋਕਾਰਾਂ ਤੇ ਮਰਯਾਦਾ ਨੂੰ ਸੱਟ ਵੱਜਣ ਦੇ ਨਾਲ-ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਵੀ ਠੇਸ ਪੁੱਜੇਗੀ।