ਰੌਬਟ ਦੀ ਰਿਪੋਰਟ


 


ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਟਵੀਟ ਕਰਕੇ ਕਿਹਾ ਸੀ ਕਿ ਉਹ ਪੰਜਾਬ ਦੇ ਲਈ ਇਤਿਹਾਸਕ ਫੈਸਲਾ ਲੈਣ ਵਾਲੇ ਹਨ। ਮਾਨ ਨੇ ਕਿਹਾ ਕੀ ਪੰਜਾਬ ਦੇ ਹਿੱਤ 'ਚ ਅੱਜ ਇੱਕ ਬਹੁਤ ਵੱਡਾ ਫੈਸਲਾ ਲਿਆ ਜਾਵੇਗਾ। ਪੰਜਾਬ ਦੇ ਇਤਿਹਾਸ ਵਿੱਚ ਅੱਜ ਤੱਕ ਕਿਸੇ ਨੇ ਵੀ ਅਜਿਹਾ ਫ਼ੈਸਲਾ ਨਹੀਂ ਲਿਆ ਹੋਵੇਗਾ। ਕੁਝ ਹੀ ਦੇਰ ਤਕ ਐਲਾਨ ਕਰਾਂਗਾ...। 


ਇਹ ਫੈਸਲਾ ਹੁਣ ਸਾਹਮਣੇ ਆ ਚੁੱਕਾ ਹੈ। ਭਗਵੰਤ ਮਾਨ ਨੇ ਪੰਜਾਬ ਵਿੱਚ ਰਿਸ਼ਵਤਖੋਰੀ ਨੂੰ ਨੱਥ ਪਾਉਣ ਲਈ ਐਂਟੀ ਕਰਪਸ਼ਨ ਹੈਲਪ ਲਾਈਨ ਨੰਬਰ ਜਾਰੀ ਕਰਨ ਦਾ ਐਲਾਨ ਕੀਤਾ ਹੈ।


ਮਾਨ ਨੇ ਟਵੀਟ ਕੀਤਾ, "ਭਗਤ ਸਿੰਘ ਜੀ ਦੇ ਸ਼ਹੀਦੀ ਦਿਨ 'ਤੇ ਅਸੀਂ anti-corruption ਹੈਲਪਲਾਈਨ ਨੰਬਰ ਜਾਰੀ ਕਰਾਂਗੇ। ਉਹ ਮੇਰਾ ਨਿੱਜੀ ਵਟਸਐਪ ਨੰਬਰ ਹੋਵੇਗਾ। ਜੇ ਤੁਹਾਡੇ ਤੋਂ ਕੋਈ ਵੀ ਰਿਸ਼ਵਤ ਮੰਗੇ, ਉਸਦੀ ਵੀਡੀਓ/ਆਡੀਓ ਰਿਕਾਰਡਿੰਗ ਕਰਕੇ ਮੈਨੂੰ ਭੇਜ ਦੇਣਾ। ਭ੍ਰਿਸ਼ਟਾਚਾਰੀਆਂ ਦੇ ਖ਼ਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ।"


 


 



 









 


ਇਸ ਤੋਂ ਪਹਿਲਾਂ ਅੱਜ 117 ਵਿਧਾਇਕਾਂ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਿਧਾਇਕ ਵਜੋਂ ਹਲਫ਼ ਲਿਆ। ਮਾਨ ਨੇ ਸੋਸ਼ਲ ਮੀਡੀਆ 'ਤੇ ਸਹੁੰ ਚੁੱਕਣ ਦਾ ਵੀਡੀਓ ਸਾਂਝਾ ਕੀਤਾ।ਇਸ ਵੀਡੀਓ ਦੇ ਨਾਲ ਕੈਪਸ਼ਨ 'ਚ ਭਗਵੰਤ ਮਾਨ ਨੇ ਲਿਖਿਆ, "ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਇੱਕ ਨਵਾਂ ਬਦਲਾਅ ਲਿਆਵੇਗੀ, ਜਿਸ ਲਈ ਲੋਕਾਂ ਨੇ ਸਾਨੂੰ ਚੁਣਿਆ ਹੈ। ਸਾਡੀ ਸਰਕਾਰ ਪੰਜਾਬ ਦੀ ਸਭ ਤੋਂ ਇਮਾਨਦਾਰ ਸਰਕਾਰ ਵੱਜੋਂ ਜਾਣੀ ਜਾਵੇਗੀ।"


ਦੱਸ ਦਈਏ ਕਿ ਪੰਜਾਬ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣੀ ਹੈ। ਭਗਵੰਤ ਮਾਨ ਸਿੰਘ ਨੇ ਕੱਲ੍ਹ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਭਗਵੰਤ ਮਾਨ ਐਕਸ਼ਨ ਮੋਡ 'ਚ ਨਜ਼ਰ ਆ ਰਹੇ ਹਨ।