ਸੰਗਰੂਰ: ਦੋ ਸਾਲ ਦਾ ਫ਼ਤਹਿਵੀਰ 72 ਘੰਟੇ ਬੀਤਣ ਤੋਂ ਬਾਅਦ ਵੀ 150 ਫੁੱਟ ਡੂੰਘੇ ਬੋਰਵੈੱਲ ਵਿੱਚ ਫਸਿਆ ਹੋਇਆ ਹੈ। ਭਗਵਾਨਪੁਰਾ ਪਿੰਡ ਵਿੱਚ ਬੇਸ਼ੱਕ ਐਨਡੀਆਰਐਫ ਤੇ ਆਰਮਡ ਇੰਜੀਨੀਅਰ ਪਟਿਆਲਾ ਵੱਲੋਂ ਸਾਂਝਾ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ, ਪਰ ਆਮ ਲੋਕਾਂ ਵੱਲੋਂ ਬਚਾਅ ਕਾਰਜ ਵਿੱਚ ਵੱਧ ਸਹਿਯੋਗ ਪਾਇਆ ਜਾ ਰਿਹਾ ਹੈ। ਹਾਲੇ ਵੀ ਬੱਚੇ ਨੂੰ ਕੱਢਣ ਵਿੱਚ ਦੋ ਘੰਟੇ ਦਾ ਸਮਾਂ ਹੋਰ ਲੱਗ ਸਕਦਾ ਹੈ।

ਪ੍ਰਸ਼ਾਸਨ ਨੇ ਬੋਰ ਦੇ ਬਰਾਬਰ ਤਿੰਨ ਫੁੱਟ ਚੌੜਾ ਵੱਖਰਾ ਬੋਰ ਪੁੱਟਿਆ ਹੈ ਜਿਸ ਵਿੱਚੋਂ ਬੱਚੇ ਨੂੰ ਬਾਹਰ ਕੱਢਿਆ ਜਾਣਾ ਹੈ। ਲੋਕ ਇਸ ਬਚਾਅ ਮਿਸ਼ਨ ਵਿੱਚ ਸਰਕਾਰ ਦੀ ਨਾਲਾਇਕੀ ਨੂੰ ਉਜਾਗਰ ਕਰ ਰਹੇ ਹਨ, ਕਿਉਂਕਿ ਪਿਛਲੇ ਤਿੰਨ ਦਿਨਾਂ ਤੋਂ ਬਚਾਅ ਦਸਤੇ ਹੱਥਾਂ ਨਾਲ ਮਿੱਟੀ ਬਾਹਰ ਕੱਢ ਰਹੇ ਹਨ ਅਤੇ ਪ੍ਰਸ਼ਾਸਨ ਕੋਈ ਵੀ ਯੋਗ ਮਸ਼ੀਨ ਤੇ ਢੁੱਕਵੀਂ ਵਿਉਂਤਬੰਦੀ ਕਰਦਾ ਨਹੀਂ ਵਿਖਾਈ ਦੇ ਰਿਹਾ।

ਹੁਣ ਤਕ ਬੱਚੇ ਬਰਾਬਰ ਪਹੁੰਚਣ ਤਕ ਪੁਟਾਈ ਕੀਤੀ ਜਾ ਚੁੱਕੀ ਹੈ ਪਰ ਇਸ ਤੋਂ ਵੀ ਹੇਠਾਂ ਜਾ ਕੇ ਫਿਰ ਉਸ ਬੋਰ ਤਕ ਪਹੁੰਚ ਕੀਤੀ ਜਾਵੇਗੀ ਜਿਸ ਵਿੱਚ ਬੱਚਾ ਫਸਿਆ ਹੋਇਆ ਹੈ। ਫ਼ਤਹਿਵੀਰ ਦੀ ਸਲਾਮਤੀ ਲਈ ਲੋਕ ਲੰਮੇ ਸਮੇਂ ਤੋਂ ਦੁਆਵਾਂ ਕਰ ਰਹੇ ਹਨ ਅਤੇ ਹੁਣ ਘਟਨਾ ਸਥਾਨ 'ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਕਾਫੀ ਲੋਕ ਪਹੁੰਚ ਚੁੱਕੇ ਹਨ। ਸੰਗਰੂਰ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਵੀ ਮੌਕੇ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਸਾਡੀ ਟੀਮ ਬੱਚੇ ਨੂੰ ਹਸਪਤਾਲ ਲਿਜਾਣ ਲਈ ਤਿਆਰ ਹੈ। ਘਟਨਾ ਸਥਾਨ 'ਤੇ ਦੋ ਐਂਬੂਲੈਂਸ ਵੀ ਮੌਜੂਦ ਹਨ ਜਿਨ੍ਹਾਂ ਵਿੱਚ ਵੈਂਟੀਲੇਟਰ ਦੀ ਵੀ ਸੁਵਿਧਾ ਹੈ।

ਜਿੱਥੇ ਬੱਚੇ ਤਕ ਪਹੁੰਚਣ ਦੇ ਵਸੀਲੇ ਮੱਠੀ ਰਫ਼ਤਾਰ ਨਾਲ ਜਾਰੀ ਹਨ, ਉੱਥੇ ਹੀ ਫ਼ਤਹਿਵੀਰ ਨੇ ਪਿਛਲੇ 72 ਘੰਟਿਆਂ ਤੋਂ ਕੁਝ ਵੀ ਖਾਧਾ ਪੀਤਾ ਨਹੀਂ ਹੈ। ਹਾਲੇ ਤਕ ਵੀ ਸੀਸੀਟੀਵੀ ਵਿੱਚ ਉਸ ਦੇ ਹੱਥ ਤੇ ਸਿਰ ਦੀਆਂ ਤਸਵੀਰਾਂ ਹੀ ਦਿਖਾਈ ਦੇ ਰਹੀਆਂ ਹਨ। ਅਜਿਹੇ ਵਿੱਚ ਕੀ ਉਹ ਜਿਊਂਦਾ ਬਾਹਰ ਆ ਸਕੇਗਾ, ਇਹ ਸਵਾਲ ਹਾਲੇ ਬਰਕਰਾਰ ਹੈ।