ਚੰਡੀਗੜ੍ਹ: ਪੂਰੇ ਦੇਸ਼ ਅੰਦਰ ਹੂੰਝਾ ਫੇਰ ਜਿੱਤ ਮਗਰੋਂ ਹੁਣ ਬੀਜੇਪੀ ਪੰਜਾਬ ਅੰਦਰ ਆਪਣੇ ਪੈਰ ਪਸਾਰਨ ਦੀ ਫਿਰਾਕ ਵਿੱਚ ਹੈ। ਇਸ ਬਾਰੇ ਬੀਜੇਪੀ ਲੀਡਰ ਸਪਸ਼ਟ ਕਹਿ ਰਹੇ ਹਨ ਕਿ ਤੱਕੜੀ ਕਰਕੇ ਉਨ੍ਹਾਂ ਨੂੰ ਪੰਜਾਬ ਵਿੱਚ ਘੱਟ ਵੋਟਾਂ ਮਿਲੀਆਂ ਤੇ ਹੁਣ ਬੀਜੇਪੀ ਪੰਜਾਬ 'ਚ ਵੱਡੇ ਸਿਆਸੀ ਦਾਅ ਦੀ ਤਿਆਰੀ ਕਰ ਰਹੀ ਹੈ। ਇਸ ਬਾਰੇ ਪੰਜਾਬ ਬੀਜੇਪੀ ਦੇ ਸੰਗਠਨ ਮੰਤਰੀ ਦਿਨੇਸ਼ ਕੁਮਾਰ ਨੇ ਸ਼ਨੀਵਾਰ ਨੂੰ ਖੰਨਾ ਵਿੱਚ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਲੋਕ ਈਵੀਐਮ ਵਿੱਚ ਕਮਲ ਦਾ ਨਿਸ਼ਾਨ ਲੱਭਦੇ ਰਹੇ ਪਰ ਜ਼ਿਆਦਾਤਰ ਸੀਟਾਂ 'ਤੇ ਲੋਕਾਂ ਨੂੰ ਇਹ ਨਿਸ਼ਾਨ ਨਹੀਂ ਮਿਲਿਆ। ਹੁਣ ਬੀਜੇਪੀ ਨੇ ਇਸ ਗੱਲ 'ਤੇ ਸੋਚ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਪੰਜਾਬ ਦੇ ਘਰ-ਘਰ ਕਮਲ ਖਿਲਾਉਣਗੇ।

ਦੱਸ ਦੇਈਏ ਲੋਕ ਸਭਾ ਚੋਣਾਂ ਦੇ ਬਾਅਦ ਪੰਜਾਬ ਦੀ ਸਿਆਸਤ ਵਿੱਚ ਚਰਚਾਵਾਂ ਹਨ ਕਿ ਬੀਜੇਪੀ ਪੱਛਮ ਬੰਗਾਲ ਵਾਂਗ ਪੰਜਾਬ ਵਿੱਚ ਵੀ ਆਪਣੀਆਂ ਜੜ੍ਹਾਂ ਕਾਇਮ ਕਰਨਾ ਚਾਹੁੰਦੀ ਹੈ। ਇਸ ਸਬੰਧੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਪੰਜਾਬ ਵਿੱਚ ਆਪਣੇ ਗਠਜੋੜ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਅਗਲੀਆਂ ਚੋਣਾਂ ਵਿੱਚ ਜ਼ਿਆਦਾ ਸੀਟਾਂ ਮੰਗ ਸਕਦੀ ਹੈ।

ਦਰਅਸਲ ਦਿਨੇਸ਼ ਕੁਮਾਰ ਖੰਨਾ ਵਿੱਚ ਵਰਕਰ ਸਨਮਾਨ ਸਮਾਗਮ ਵਿੱਚ ਪਹੁੰਚੇ ਸਨ। ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕਰਕੇ ਅਗਲੀ ਰਾਹ ਦੀ ਝਲਕ ਦੱਸੀ। ਕੁਮਾਰ ਨੇ ਕਿਹਾ ਕਿ ਜੋ ਉੱਤਰ ਭਾਰਤ ਦੇ ਹੋਰ ਸੂਬਿਆਂ ਵਿੱਚ ਹੋਇਆ, ਉਹ ਪੰਜਾਬ ਵਿੱਚ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਦੀ ਪੰਜਾਬ ਨਾਲ ਵਿਸ਼ੇਸ਼ ਲਗਾਅ ਰਿਹਾ ਹੈ। ਉਨ੍ਹਾਂ ਦੇ ਪਿਆਰ ਦਾ ਅੰਦਾਜ਼ਾ ਇਸ ਗੱਲੋਂ ਲਾਇਆ ਜਾ ਸਕਦਾ ਹੈ ਕਿ ਪੰਜਾਬ ਤੋਂ ਸੂਬੇ ਦੇ ਚਾਰ ਸਾਂਸਦ ਹੀ ਹਨ ਪਰ ਤਿੰਨਾਂ ਨੂੰ ਮੰਤਰੀ ਬਣਾਇਆ ਗਿਆ। ਇਹ ਸ਼ੁਭ ਸੰਕੇਤ ਹੈ।

ਉਨ੍ਹਾਂ ਕਿਹਾ ਕਿ ਗਠਜੋੜ ਬਾਰੇ ਉਹ ਬਾਅਦ ਵਿੱਚ ਸੋਚਣਗੇ। ਹਾਲੇ ਉਨ੍ਹਾਂ ਦਾ ਮਕਸਦ ਹਰ ਘਰ ਵਿੱਚ ਕਮਲ ਖਿਲਾਉਣ ਦਾ ਹੈ। ਉਨ੍ਹਾਂ ਬੀਜੇਪੀ ਦੇ 'ਮਿਸ਼ਨ ਪੰਜਾਬ' ਦੇ ਖੁੱਲ੍ਹ ਕੇ ਸੰਕੇਤ ਦਿੱਤੇ। ਉਨ੍ਹਾਂ ਕਿਹਾ ਕਿ ਸੰਗਟਨ ਨੂੰ ਹੋਰ ਮਜ਼ਬੂਤ ਕਰਨਾ ਹੈ, ਵਰਕਰ ਤਿਆਰ ਰਹਿਣ।