ਲੁਧਿਆਣਾ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ 'ਚ ਆਯੋਜਿਤ 'ਆਟੋ ਸੰਵਾਦ' ਪ੍ਰੋਗਰਾਮ ਤਹਿਤ ਪੰਜਾਬ ਦੇ ਆਟੋ ਰਿਕਸ਼ਾ ਅਤੇ ਟੈਕਸੀ ਚਾਲਕਾਂ ਨੂੰ ਦਰਪੇਸ਼ ਦਿੱਕਤਾਂ ਅਤੇ ਸਮੱਸਿਆਵਾਂ ਅਤੇ ਉਨ੍ਹਾਂ ਦੇ ਪੱਕੇ ਹੱਲ ਲਈ ਸੁਝਾਅ ਸੁਣੇ ਅਤੇ ਭਰੋਸਾ ਦਿੱਤਾ ਕਿ 2022 'ਚ ਪੰਜਾਬ ਅੰਦਰ 'ਆਪ' ਦੀ ਸਰਕਾਰ ਬਣਨ ਉਪਰੰਤ ਦਿੱਲੀ ਦੇ ਆਟੋ ਚਾਲਕਾਂ ਵਾਂਗ ਪੰਜਾਬ ਦੇ ਆਟੋ ਅਤੇ ਟੈਕਸੀ ਚਾਲਕਾਂ ਦੀਆਂ ਸਮੱਸਿਆਵਾਂ ਦਾ ਠੋਸ ਹੱਲ ਪਹਿਲ ਦੇ ਆਧਾਰ 'ਤੇ ਕਰਨਗੇ। 


ਨਿਯਮਾਂ-ਕਾਨੂੰਨਾਂ 'ਚ ਲੋੜੀਂਦੇ ਸੁਧਾਰ ਅਤੇ ਬਦਲਾਅ ਕੀਤੇ ਜਾਣਗੇ, ਜਿਵੇਂ ਦਿੱਲੀ 'ਚ ਕੀਤੇ ਹਨ। ਕੇਜਰੀਵਾਲ ਦਾ ਇਹ 'ਆਟੋ ਸੰਵਾਦ' ਸ਼ੁਰੂ ਹੁੰਦਿਆਂ ਹੀ ਹੋਰ ਰੋਚਕ ਹੋ ਗਿਆ, ਜਦੋਂ ਇੱਕ ਆਟੋ ਰਿਕਸ਼ਾ ਦਲੀਪ ਕੁਮਾਰ ਤਿਵਾੜੀ ਨੇ ਦਿੱਲੀ ਦੇ ਮੁੱਖ ਮੰਤਰੀ ਆਪਣੇ ਘਰ ਰਾਤਰੀ ਭੋਜ ਦੀ ਦਾਅਵਤ ਦੇ ਦਿੱਤੀ ਅਤੇ ਨਾਲ ਹੀ ਬੇਨਤੀ ਕੀਤੀ ਕਿ ਚੰਗਾ ਲੱਗੇਗਾ ਕਿ ਉਹ (ਕੇਜਰੀਵਾਲ) ਉਸ ਦੇ ਆਟੋ 'ਚ ਬੈਠ ਕੇ ਹੀ ਉਸ ਦੇ ਘਰ ਰਾਤ ਦੇ ਖਾਣੇ 'ਤੇ ਜਾਣ। 


ਜਿਸ ਨੂੰ ਤੁਰੰਤ ਸਵੀਕਾਰ ਕਰਦਿਆਂ ਕੇਜਰੀਵਾਲ ਨੇ ਪੁੱਛਿਆ ਕਿ ਕੀ ਉਹ ਆਪਣੇ ਨਾਲ ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਨੂੰ ਵੀ ਨਾਲ ਲੈ ਕੇ ਆ ਜਾਣ? ਪ੍ਰੋਗਰਾਮ ਖ਼ਤਮ ਹੁੰਦਿਆਂ ਕੇਜਰੀਵਾਲ, ਭਗਵੰਤ ਮਾਨ ਅਤੇ ਹਰਪਾਲ ਸਿੰਘ ਚੀਮਾ ਆਟੋ 'ਚ ਬੈਠ ਕੇ ਦਲੀਪ ਤਿਵਾੜੀ ਦੇ ਘਰ ਗਏ ਅਤੇ ਰਾਤਰੀ ਭੋਜ ਕੀਤਾ।


'ਆਟੋ ਸੰਵਾਦ' ਪ੍ਰੋਗਰਾਮ ਦੌਰਾਨ ਸੈਂਕੜੇ ਆਟੋ ਰਿਕਸ਼ਾ ਅਤੇ ਟੈਕਸੀ ਚਾਲਕਾਂ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ''ਦਿੱਲੀ ਸਰਕਾਰ ਵੱਲੋਂ ਆਟੋ ਅਤੇ ਟੈਕਸੀ ਚਾਲਕਾਂ ਲਈ ਕੀਤੇ ਬੇਮਿਸਾਲ ਕੰਮਾਂ ਕਰਕੇ ਦਿੱਲੀ ਦਾ ਹਰ ਇੱਕ ਆਟੋ ਚਾਲਕ ਮੈਨੂੰ (ਕੇਜਰੀਵਾਲ) ਆਪਣਾ ਭਾਈ ਮੰਨਦਾ ਹੈ। ਉਸੇ ਤਰਾਂ ਅੱਜ ਮੈਂ ਤੁਹਾਡਾ ਭਰਾ ਬਣਨ ਲਈ ਆਇਆ ਹਾਂ। ਇੱਕ ਰਿਸ਼ਤਾ ਬਣਾਉਣ ਆਇਆ ਹਾਂ। ਮੈਨੂੰ ਆਪਣਾ ਭਰਾ ਬਣਾ ਲਓ। ਤੁਹਾਡੀਆਂ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਹੱਲ ਭਾਈ ਬਣ ਕੇ ਹੀ ਕਰੂੰਗਾ। ਕੇਵਲ ਆਟੋ ਦੀ ਸਮੱਸਿਆ ਹੀ ਨਹੀਂ ਘਰ 'ਚ ਬੱਚੇ ਦੀ ਪੜਾਈ ਠੀਕ ਨਹੀਂ ਹੋ ਰਹੀ, ਕਿਸੇ ਦੀ ਸਿਹਤ ਠੀਕ ਨਹੀਂ, ਸਾਰੀਆਂ ਦਿੱਕਤਾਂ ਦਾ ਹੱਲ ਮੈਂ ਕਰਾਂਗਾ।''



ਇਸ ਮੌਕੇ ਕੇਜਰੀਵਾਲ ਨੇ ਆਟੋ ਰਿਕਸ਼ਾ ਅਤੇ ਟੈਕਸੀ ਚਾਲਕਾਂ 'ਤੇ ਆਧਾਰਿਤ ਇੱਕ ਸਾਂਝੀ ਕਾਰਪੋਰੇਸ਼ਨ ਬਣਾਉਣ ਦਾ ਐਲਾਨ ਕੀਤਾ ਤਾਂ ਕਿ ਉਹ ਖ਼ੁਦ ਨੀਤੀਆਂ ਬਣਾ ਸਕਣ।
ਕੇਜਰੀਵਾਲ ਨੇ ਦੱਸਿਆ ਕਿ ਦਿੱਲੀ 'ਚ 'ਆਪ' ਦੀ ਸਰਕਾਰ ਬਣਨ ਤੋਂ ਪਹਿਲਾਂ ਆਟੋ ਚਾਲਕਾਂ ਨੂੰ ਸਵੇਰ ਤੋਂ ਲੈ ਕੇ ਰਾਤ ਤੱਕ ਪਤਾ ਨਹੀਂ ਕਿੰਨੀ ਵਾਰ ਰਿਸ਼ਵਤ ਦੇਣੀ ਪੈਂਦੀ ਸੀ। 


ਕੇਜਰੀਵਾਲ ਨੇ ਕਿਹਾ ਕਿ ਆਟੋ-ਰਿਕਸ਼ਾ ਚਾਲਕਾਂ ਨੂੰ ਸੋਚੀ ਸਮਝੀ ਸਾਜ਼ਿਸ਼ ਨਾਲ ਮਾਫ਼ੀਆ ਕਹਿ ਕੇ ਬਦਨਾਮ ਕੀਤਾ ਜਾਂਦੀ ਸੀ, ਪਰੰਤੂ ਅਸੀਂ ਦਿੱਲੀ ਦੇ ਰਾਮਲੀਲਾ ਮੈਦਾਨ 'ਚ ਆਟੋ ਰਿਕਸ਼ਾ ਅਤੇ ਟੈਕਸੀ ਵਾਲਿਆਂ ਦੀ ਖੁੱਲ੍ਹੀ ਹਿਮਾਇਤ ਕਰਦਿਆਂ ਕਿਹਾ ਸੀ ਕਿ ਜੇ ਆਟੋ-ਰਿਕਸ਼ਾ ਅਤੇ ਟੈਕਸੀ ਵਾਲੇ ਮਾਫ਼ੀਆ ਹੁੰਦੇ ਤਾਂ ਇਹ ਵੀ ਝੁੱਗੀ-ਝੌਂਪੜੀਆਂ ਜਾਂ ਛੋਟੇ-ਮੋਟੇ ਘਰਾਂ 'ਚ ਰਹਿਣ ਦੀ ਥਾਂ ਕੋਠੀਆਂ ਬਣਾ ਕੇ ਰਹਿੰਦੇ।


ਕੇਜਰੀਵਾਲ ਨੇ ਕਿਹਾ ਕਿ ਮਾਫ਼ੀਆ ਆਟੋ-ਰਿਕਸ਼ਾ ਜਾਂ ਟੈਕਸੀ ਚਾਲਕ ਨਹੀਂ ਸਗੋਂ ਸਿਆਸਤਦਾਨ ਅਸਲੀ ਮਾਫ਼ੀਆ ਹੁੰਦਾ ਹੈ। ਆਟੋ ਅਤੇ ਟੈਕਸੀ ਚਾਲਕ ਤਾਂ ਇਸ ਭ੍ਰਿਸ਼ਟਾਚਾਰੀ ਤੰਤਰ ਦੇ ਪੀੜਤ ਹਨ।