ਫਿਰੋਜ਼ਪੁਰ: ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਨੇ ਅਰਵਿੰਦ ਕੇਜਰੀਵਾਲ ਦੇ ਚੋਣਾਵੀ ਬਿਆਨ ਮਗਰੋਂ ਉਨ੍ਹਾਂ ਤੇ ਹਮਲਾ ਬੋਲਿਆ ਹੈ। ਜ਼ੀਰਾ ਨੇ ਕਿਹਾ ਕਿ, "ਲੋਕ ਜਾਣ ਚੁੱਕੇ ਹਨ ਕਿ ਚਾਈਨਾ ਦੇ ਖਿਡੌਣੇ ਕਾਮਯਾਬ ਨਹੀਂ ਹੁੰਦੇ ਅਤੇ ਅਰਵਿੰਦ ਕੇਜਰੀਵਾਲ ਚਾਈਨਾ ਦਾ ਹੀ ਇੱਕ ਖਿਡੌਣਾ ਹੈ।" ਵਿਧਾਇਕ ਕੁਲਬੀਰ ਜ਼ੀਰਾ ਨੇ ਕਿਹਾ ਕਿ "ਅਰਵਿੰਦ ਕੇਜਰੀਵਾਲ ਨਕਲੀ ਅਤੇ ਫਰਜ਼ੀ ਹਨ।ਸਾਨੂੰ ਪੰਜਾਬ ਮਾਡਲ ਚਾਹੀਦਾ ਹੈ ਨਾਕਿ ਦਿੱਲੀ ਮਾਡਲ।"


ਅੱਜ ਆਮ ਆਦਮੀ ਪਾਰਟੀ ਦੇ ਸਰਪ੍ਰਸਤ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬ ਦੇ ਲੋਕਾਂ ਨੂੰ ਕਿਸਾਨ ਅੰਦੋਲਨ ਦੀ ਸਫਲਤਾ 'ਤੇ ਵਧਾਈ ਦੇ ਕੇ ਕੀਤੀ।


ਇਸ ਤੋਂ ਪਹਿਲਾਂ ‘ਆਪ’ ਆਗੂ ਭਗਵੰਤ ਮਾਨ ਨੇ ਕਿਹਾ ਕਿ ਹੁਣ ਬਦਲਾਅ ਸ਼ੁਰੂ ਹੋ ਗਿਆ ਹੈ। ਜਿਸ ਸਮਾਜ ਵਿੱਚ ਔਰਤਾਂ ਅਤੇ ਮਰਦ ਨਾਲ-ਨਾਲ ਕੰਮ ਕਰਦੇ ਹਨ, ਉਹ ਸਮਾਜ ਵਿਕਸਤ ਸਮਾਜ ਹੈ। ਸਮਾਜਿਕ ਸੁਰੱਖਿਆ ਹੈ, ਇਸ ਲਈ ਉਹ ਸਾਡੇ ਤੋਂ ਅੱਗੇ ਹੈ।


ਕੇਜਰੀਵਾਲ ਦੁਪਹਿਰ 1:35 ਵਜੇ ਮੋਗਾ ਪਹੁੰਚੇ ਅਤੇ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਤੀਜੀ ਗਰੰਟੀ ਤਹਿਤ ਔਰਤਾਂ ਲਈ ਇਸ ਦਾ ਐਲਾਨ ਕੀਤਾ ਗਿਆ। ਮੋਗਾ ਪਹੁੰਚ ਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੰਜਾਬ ਦੀਆਂ ਔਰਤਾਂ ਲਈ ਵੱਡਾ ਐਲਾਨ ਕਰਨ ਜਾ ਰਹੇ ਹਨ। ਇਹ ਸੂਬੇ ਲਈ ਹੀ ਨਹੀਂ ਦੇਸ਼ ਲਈ ਇੱਕ ਮਿਸਾਲ ਬਣੇਗਾ।


ਇਸ ਤੋਂ ਪਹਿਲਾਂ ਉਹ ਦੁਪਹਿਰ 12 ਵਜੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੁੱਜੇ ਅਤੇ ਉਥੋਂ ਪੰਜਾਬ ਇੰਚਾਰਜ ਜਰਨੈਲ ਸਿੰਘ ਤੇ ਹੋਰ ਆਗੂਆਂ ਨਾਲ ਸੜਕੀ ਰਸਤੇ ਮੋਗਾ ਲਈ ਰਵਾਨਾ ਹੋਏ। 'ਆਪ' ਆਗੂ ਪੰਜਾਬ ਦੇ ਇੱਕ ਰੋਜ਼ਾ ਦੌਰੇ 'ਤੇ ਹਨ। ਬਟਾਲਾ ਵਿੱਚ ਰੈਲੀ ਨੂੰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਸੰਬੋਧਨ ਕਰ ਰਹੇ ਹਨ।


ਕੇਜਰੀਵਾਲ ਨੇ ਕਿਹਾ, 'ਮੈਂ ਪੰਜਾਬ 'ਚ ਨਕਲੀ ਕੇਜਰੀਵਾਲ ਘੁੰਮਦਾ ਦੇਖ ਰਿਹਾ ਹਾਂ। ਮੈਂ ਜੋ ਵੀ ਵਾਅਦਾ ਕਰਕੇ ਜਾਂਦਾ ਹਾਂ, ਦੋ ਦਿਨਾਂ ਬਾਅਦ ਉਹ ਵੀ ਉਹੀ ਵਾਅਦਾ ਕਰਦਾ ਹੈ ਪਰ ਕੋਈ ਕੰਮ ਨਹੀਂ ਕਰਦਾ।"

ਕੇਜਰੀਵਾਲ ਨੇ ਕਿਹਾ ਕਿ "ਕਹਿੰਦਾ ਹੈ ਬਿਜਲੀ ਬਿੱਲ ਫਰੀ ਹੋ ਗਿਆ, ਪਰ ਅਜਿਹਾ ਕਿਸੇ ਨਾਲ ਨਹੀਂ ਹੋਇਆ। ਤੁਹਾਡੀ ਸਰਕਾਰ ਬਣੀ ਤਾਂ ਭਵਿੱਖ ਬਣੇਗਾ। ਬਿਜਲੀ ਦਾ ਬਿੱਲ ਜ਼ੀਰੋ ਕਰਨਾ ਕੋਈ ਨਹੀਂ ਜਾਣਦਾ, ਸਿਰਫ ਕੇਜਰੀਵਾਲ ਹੀ ਕਰ ਸਕਦਾ ਹੈ, ਇਸ ਲਈ ਨਕਲੀ ਕੇਜਰੀਵਾਲ ਤੋਂ ਦੂਰ ਰਹੋ।"