Lok Sabha Election: ਕਾਂਗਰਸ ਦੀ ਟਿਕਟ 'ਤੇ ਤਿੰਨ ਵਾਰ ਜਿੱਤ ਕੇ ਲੋਕ ਸਭਾ 'ਚ ਪਹੁੰਚੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਨੂੰ ਆਪਣੀ ਤਰਜੀਹ ਦੱਸਿਆ ਹੈ। ਬਿੱਟੂ ਨੇ ਕਿਹਾ ਕਿ 10 ਸਾਲਾਂ 'ਚ ਦੋ ਵਾਰ ਵਿਰੋਧੀ ਧਿਰ 'ਚ ਬੈਠਣ ਤੋਂ ਬਾਅਦ ਉਹ ਪੰਜਾਬ ਲਈ ਕੁਝ ਨਹੀਂ ਕਰ ਸਕੇ, ਜਿਸ ਕਾਰਨ ਉਹ ਭਾਜਪਾ 'ਚ ਸ਼ਾਮਲ ਹੋਏ ਹਨ। ਉਨ੍ਹਾਂ ਇੱਕ ਇੰਟਰਵਿਊ ਵਿੱਚ ਸਪਸ਼ਟ ਕਿਹਾ ਕਿ ਉਨ੍ਹਾਂ ਦੇ ਦਾਦਾ ਬੇਅੰਤ ਸਿੰਘ ਨੇ ਕਾਂਗਰਸ ਪਾਰਟੀ ਲਈ ਨਹੀਂ ਸਗੋਂ ਪੰਜਾਬ ਲਈ ਕੁਰਬਾਨੀ ਦਿੱਤੀ ਸੀ।


ਕਾਂਗਰਸ ਲਈ ਨਹੀਂ ਸੀ ਬੇਅੰਤ ਸਿੰਘ ਦੀ ਕੁਰਬਾਨੀ


ਰਵਨੀਤ ਸਿੰਘ ਬਿੱਟੂ ਨੇ ਇੰਟਰਵਿਊ ਵਿੱਚ ਕਿਹਾ ਕਿ ਉਨ੍ਹਾਂ ਦੇ ਦਾਦਾ (ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ) ਦੀ ਵਿਰਾਸਤ ਅਤੇ ਕੁਰਬਾਨੀ ਅੱਜ ਉਨ੍ਹਾਂ ਲਈ ਸਰਵਉੱਚ ਹੈ। ਅੱਤਵਾਦ ਵਿਰੁੱਧ ਆਵਾਜ਼ ਉਠਾਉਣ ਕਾਰਨ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਉਹ ਹਮੇਸ਼ਾ ਪੰਜਾਬ ਦੀ ਸ਼ਾਂਤੀ ਅਤੇ ਦੇਸ਼ ਦੀ ਏਕਤਾ ਲਈ ਡਟੇ ਰਹੇ ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਬੇਅੰਤ ਸਿੰਘ ਦੀ ਕੁਰਬਾਨੀ ਪੰਜਾਬ ਲਈ ਸੀ ਨਾ ਕਿ ਕਾਂਗਰਸ ਪਾਰਟੀ ਲਈ। ਬਿੱਟੂ ਨੇ ਕਿਹਾ ਕਿ ਬੇਅੰਤ ਸਿੰਘ ਕਾਂਗਰਸ ਪਾਰਟੀ ਤੋਂ ਪੰਜਾਬ ਦੇ ਮੁੱਖ ਮੰਤਰੀ ਸਨ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਪਾਰਟੀ (ਕਾਂਗਰਸ) ਨੇ ਦੇਸ਼ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ। 


ਵਿਰੋਧੀ ਧਿਰ ਵਿੱਚ ਬੈਠਕੇ ਨਹੀਂ ਕਰਵਾ ਸਕੇ ਕੋਈ ਕੰਮ


ਬਿੱਟੂ ਨੇ ਕਿਹਾ ਕਿ ਉਹ ਇੱਕ ਅਜਿਹੇ ਪਰਿਵਾਰ ਵਿੱਚੋਂ ਹਨ ਜੋ ਰਵਾਇਤੀ ਕਾਂਗਰਸੀ ਰਹੇ ਹਨ। ਹੁਣ ਸਾਨੂੰ ਇਹ ਸਵੀਕਾਰ ਕਰਨਾ ਪਏਗਾ ਕਿ ਅਸੀਂ ਸਾਰੇ ਪੁਰਾਣੇ ਸਮਿਆਂ ਵਿੱਚ ਨਹੀਂ ਰਹਿ ਰਹੇ ਹਾਂ। ਉਹ 2014 ਤੋਂ 2019 ਤੱਕ 10 ਸਾਲ ਵਿਰੋਧੀ ਧਿਰ ਵਿੱਚ ਬੈਠੇ ਰਹੇ। ਸੰਸਦ ਮੈਂਬਰ ਹੋਣ ਦੇ ਬਾਵਜੂਦ ਉਹ ਲੁਧਿਆਣਾ ਜਾਂ ਪੰਜਾਬ ਲਈ ਬਹੁਤਾ ਕੁਝ ਨਹੀਂ ਕਰ ਸਕੇ। ਬਿੱਟੂ ਨੇ ਕਿਹਾ ਕਿ ਜੇਕਰ ਮੋਦੀ ਸੱਤਾ 'ਚ ਪਰਤ ਰਹੇ ਹਨ ਤਾਂ ਉਨ੍ਹਾਂ ਨੂੰ ਵਿਰੋਧੀ ਧਿਰ 'ਚ ਬੈਠ ਕੇ ਸੰਸਦ ਮੈਂਬਰ ਬਣ ਕੇ ਕੀ ਫਾਇਦਾ ਹੋਵੇਗਾ। ਦੂਜੇ ਸੂਬਿਆਂ ਵਿੱਚ ਡਬਲ ਇੰਜਣ ਵਾਲੀਆਂ ਸਰਕਾਰਾਂ ਹਨ, ਪਰ ਪੰਜਾਬ ਕੋਲ ਇੱਕ ਵੀ ਇੰਜਣ ਨਹੀਂ ਹੈ। ਪੰਜਾਬ ਦੇ ਕਿਸਾਨ ਲਾਠੀਚਾਰਜ ਅਤੇ ਗੋਲੀਆਂ ਦਾ ਸਾਹਮਣਾ ਕਰ ਰਹੇ ਹਨ, ਕੀ ਦਿੱਲੀ ਵਿੱਚ ਪੰਜਾਬ ਅਤੇ ਇਸਦੇ ਹੱਕਾਂ ਦੀ ਗੱਲ ਕਰਨ ਵਾਲਾ ਕੋਈ ਨਹੀਂ ਹੈ?