Akali Dal Crisis: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਕਨਵੀਨਰ ਜਥੇਦਾਰ ਗੁਰਪ੍ਰਾਤਪ ਸਿੰਘ ਵਡਾਲਾ ਨੇ ਡੇਰਾ ਸਿਰਸਾ ਦੇ ਸਾਬਕਾ ਪ੍ਰੇਮੀ ਪ੍ਰਦੀਪ ਕਲੇਰ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਦੇ ਕੀਤੇ ਖੁਲਾਸਿਆਂ ਦਾ ਜਵਾਬ ਮੰਗਿਆ ਹੈ। ਗੁਰਪ੍ਰਤਾਪ ਸਿੰਘ ਵਡਾਲਾ ਦੇ ਇਹਨਾਂ ਸਵਾਲਾਂ ਦਾ ਜਵਾਬ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਵੱਲੋਂ ਦਿੱਤਾ ਗਿਆ। 



ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ - ਵਡਾਲਾ ਸਾਬ ! ਤਹਾਡਾ ਬਿਆਨ ਪੜਕੇ ਤੇ ਸੁਣਕੇ ਮੈਨੂੰ ਬੜਾ ਦੁੱਖ ਹੋਇਆ ਆ।ਘੱਟੋ ਘੱਟ ਤੁਹਾਡੇ ਤੋਂ ਇਹ ਆਸ ਨਹੀਂ ਸੀ ਕਿ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮੁੱਖ ਦੋਸ਼ੀ ਪ੍ਰਦੀਪ ਕਲੇਰ ਨਾਲ ਤੇ ਉਸਦੇ ਝੂਠ ਨਾਲ ਖੜ ਜਾਵੋਗੇ। 


ਪ੍ਰਦੀਪ ਕਲੇਰ ਨਾਲ ਤੁਹਾਡੀ ਹਮਦਰਦੀ ਨੂੰ ਵੇਖਕੇ ਤਾਂ ਇੰਜ ਲੱਗਦਾ ਆ ਕਿ ਤੁਹਾਨੂੰ ਪ੍ਰਦੀਪ ਕਲੇਰ 'ਤੇ ਪੂਰਾ ਭਰੋਸਾ ਹੀ ਨਹੀਂ ਸਗੋਂ ਤੁਸੀਂ ਦੁਨੀਆਂ ਦੇ ਇਸ ਮਹਾਂ ਪਾਪੀ ਤੇ ਸ਼ੈਤਾਨ ਵੱਲੋਂ ਬੋਲੇ ਜਾ ਰਹੇ ਝੂਠ ਦੇ ਹੱਕ ਵਿੱਚ ਡੱਟਕੇ ਖੜ ਗਏ ਹੋ।ਤੁਹਾਡਾ ਅਜਿਹਾ ਵਿਉਹਾਰ ਦੇਖਕੇ ਮੇਰੇ ਵਰਗੇ ਸਾਰੇ ਈ ਬੜੇ ਹੈਰਾਨ ਤੇ ਦੁੱਖੀ ਹੋਏ ਨੇ ਕਿ ਟਕਸਾਲੀ ਅਕਾਲੀ ਸਵ: ਜਥੇਦਾਰ ਕੁਲਦੀਪ ਸਿੰਘ ਵਡਾਲਾ ਦਾ ਫਰਜੰਦ ਸ.ਗੁਰਪ੍ਰਤਾਪ ਸਿੰਘ ਵਡਾਲਾ ਗੰਦੀ ਰਾਜਨੀਤੀ ਵਿੱਚ ਏਨਾਂ ਥੱਲੇ ਚਲਾ ਜਾਊਗਾ ਕਿ ਧੰਨ ਸ਼੍ਰੀ ਗ੍ਰੰਥ ਸਾਹਿਬ ਦੀ ਅੱਧੀ ਦਰਜਨ ਵਾਰ ਬੇਅਦਬੀ ਕਰਨ ਵਾਲੇ ਪ੍ਰਦੀਪ ਕਲੇਰ ਦੇ ਪੱਖ ਵਿੱਚ ਖੜ ਜਾਊਗਾ ?


ਸਭ ਤੋਂ ਵੱਡਾ ਇਤਰਾਜ਼ ਤਾਂ ਮੈਨੂੰ ਇਸ ਗੱਲ ਦਾ ਹੈ ਕਿ ਪ੍ਰਦੀਪ ਕਲੇਰ ਨੂੰ ਬੇਅਦਬੀਆਂ ਦੇ ਦੋਸ਼ੀ ਜਾਂ ਸ਼ੈਤਾਨ ਕਹਿਣ ਦੀ ਥਾਂ "ਡੇਰਾ ਪਰੇਮੀ" ਕਹਿ ਰਹੇ ਹੋ।


ਸੁਖਬੀਰ ਸਿੰਘ ਬਾਦਲ ਤੇ ਅਕਾਲੀ ਦਲ ਨੇ ਤਾਂ ਪ੍ਰਦੀਪ ਕਲੇਰ ਦੀ ਬਕਵਾਸ ਦਾ ਸਬੂਤਾਂ ਸਮੇਤ ਜਵਾਬ ਦੇ ਦਿੱਤਾ ਹੈ ਪਰ ਤੁਸੀਂ ਇਹ ਜਰੂਰ ਸਿੱਖ ਕੌਮ ਨੂੰ ਸਪੱਸ਼ਟ ਕਰੋ ਕਿ ਤੁਹਾਡੀ ਕਨਵੀਨਰਸ਼ਿਪ ਥੱਲੇ ਤੁਹਾਡੇ ਪ੍ਰਜੀਡੀਅਮ ਮੈਂਬਰਜ ("ਅਕਾਲੀ ਦਲ ਸੁਧਾਰ ਲਹਿਰ" ਚਲਾਉਣ ਵਾਲੇ) ਤਿੰਨ ਪ੍ਰਮੁੱਖ ਆਗੂ  ਪਰਮਿੰਦਰ ਸਿੰਘ ਢੀਂਡਸਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਝੂਠੇ ਸਾਧ ਰਾਮ ਰਹੀਮ ਵਿਰੁੱਧ 2007 ਵਿੱਚ ਹੁਕਮਨਾਮਾ ਹੋਣ ਦੇ ਬਾਵਜੂਦ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸਿਰਸੇ ਰਾਮ ਰਹੀਮ ਕੋਲ ਕਿਉਂ ਗਏ ਸੀ ? ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਸਮੇਂ ਦੇ ਜਥੇਦਾਰ ਸਾਹਿਬਾਨ ਨੇ ਏਨਾਂ ਆਗੂਆਂ ਤੇ ਹੋਰ ਪਾਰਟੀਆਂ ਦੇ ਆਗੂਆਂ ਨੂੰ ਏਨਾਂ ਵੱਲੋਂ ਹੁਕਮਨਾਮੇ ਦੀ ਉਲੰਘਣਾ ਕਰਣ ਦੇ ਗੁਨਾਹ ਵਿੱਚ ਸਜਾ ਵੀ ਲਗਾਈ ਗਈ ਸੀ।



ਵਡਾਲਾ ਸਾਬ ! ਸੱਚੀਂ ਤੁਹਾਡੇ ਤੋਂ ਇਹ ਆਸ ਨਹੀਂ ਸੀ ਕਿ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਮੁੱਖ ਦੋਸ਼ੀ ਸ਼ੈਤਾਨੀ ਦਿਮਾਗ ਪ੍ਰਦੀਪ ਕਲੇਰ ਦੇ ਹੱਕ 'ਚ ਖੜੇ ਨਜਰ ਆਓਗੇ।