ਚੰਡੀਗੜ੍ਹ: ਆਮ ਆਦਮੀ ਪਾਰਟੀ ਛੱਡਣ ਨਗਰੋਂ ਐਚਐਸ ਫੂਲਕਾ ਦੀ ਬੀਜੇਪੀ ਦੇ ਕੇਂਦਰੀ ਮੰਤਰੀ ਵਿਜੈ ਗੋਇਲ ਨਾਲ ਮੁਲਾਕਾਤ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਫੂਲਕਾ ਨੇ ਸ਼ਨੀਵਾਰ ਨੂੰ ਵਿਜੈ ਗੋਇਲ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਬੇਸ਼ੱਕ ਗੋਇਲ ਨੇ ਫੂਲਕਾ ਨੂੰ ਆਪਣਾ ਚੰਗਾ ਦੋਸਤ ਦੱਸਿਆ ਹੈ ਪਰ ਇਸ ਮੁਲਾਕਾਤ ਦੇ ਕਈ ਸਿਆਸੀ ਅਰਥ ਕੱਢੇ ਜਾ ਰਹੇ ਹਨ।
ਗੋਇਲ ਨੇ ਫੂਲਕਾ ਵੱਲੋਂ 1984 ਸਿੱਖ ਕਤਲੇਆਮ ਦੇ ਪੀੜਤਾਂ ਲਈ ਲੜੀ ਜਾ ਰਹੀ ਕਾਨੂੰਨੀ ਲੜਾਈ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿਹਾ ਕਿ ਫੂਲਕਾ ਨੇ ਪਿੱਛੇ ਜਿਹੇ ਆਮ ਆਦਮੀ ਪਾਰਟੀ ਛੱਡੀ ਹੈ। ਉਹ ਦੇਰ ਆਏ ਪਰ ਦਰੁੱਸਤ ਆਏ। ਸੂਤਰਾਂ ਅਨੁਸਾਰ ਪਿਛਲੇ ਕੁਝ ਦਿਨਾਂ ਦੌਰਾਨ ਦੋਵਾਂ ਲੀਡਰਾਂ ਵਿਚਾਲੇ ਇਹ ਦੂਜੀ ਮੁਲਾਕਾਤ ਹੈ। ਫੂਲਕਾ ਨੇ ‘ਆਪ’ ਤੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਵੀ ਗੋਇਲ ਨਾਲ ਮੁਲਾਕਾਤ ਕੀਤੀ ਸੀ।
ਯਾਦ ਰਹੇ ਫੂਲਕਾ ਨੇ ‘ਆਪ’ ਤੋਂ ਅਸਤੀਫਾ ਦੇਣ ਦਾ ਕੋਈ ਕਾਰਨ ਨਹੀਂ ਦੱਸਿਆ ਸੀ। ਉਨ੍ਹਾਂ ਪੰਜਾਬ ’ਚੋਂ ਨਸ਼ਿਆਂ ਦੇ ਖਾਤਮੇ ਲਈ ਤੇ ਸ਼੍ਰੋਮਣੀ ਕਮੇਟੀ ਨੂੰ ਸਿਆਸੀ ਗਲਬੇ ਤੋਂ ਮੁਕਤ ਕਰਵਾਉਣ ਲਈ ਗ਼ੈਰ-ਸਿਆਸੀ ਮੰਚ ਤੋਂ ਮੁਹਿੰਮ ਸ਼ੁਰੂ ਕਰਨ ਦੀ ਇੱਛਾ ਜ਼ਾਹਿਰ ਕੀਤੀ ਸੀ। ਉਹ ਹਾਲਾਂਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਕਿਸੇ ਤਰ੍ਹਾਂ ਦੇ ਗੱਠਜੋੜ ਦੇ ਖ਼ਿਲਾਫ਼ ਸਨ।
ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਫੂਲਕਾ ਆਮ ਆਦਮੀ ਪਾਰਟੀ ਵੱਲੋਂ ਰਾਜੀਵ ਗਾਂਧੀ ਤੋਂ ‘ਭਾਰਤ ਰਤਨ’ ਵਾਪਸ ਲੈਣ ਦੀ ਕੀਤੀ ਗਈ ਮੰਗ ਦੇ ਵੀ ਖ਼ਿਲਾਫ਼ ਸਨ। ‘ਆਪ’ ਨੇ ਮੰਗ ਕੀਤੀ ਸੀ 1984 ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲਿਆ ਜਾਵੇ।
ਜ਼ਿਕਰਯੋਗ ਹੈ ਕਿ ‘ਆਪ’ ਤੋਂ ਅਸਤੀਫਾ ਦੇਣ ਤੋਂ ਬਾਅਦ ਬੀਤੇ ਦਿਨ ਫੂਲਕਾ ਨੇ ਕਿਹਾ ਸੀ ਕਿ ਅੰਨਾ ਹਜ਼ਾਰੇ ਦੀ ਅਗਵਾਈ ਹੇਠ ਭ੍ਰਿਸ਼ਟਾਚਾਰ ਖ਼ਿਲਾਫ਼ ਸ਼ੁਰੂ ਹੋਈ ਮੁਹਿੰਮ ਮਗਰੋਂ 2012 ’ਚ ਆਮ ਆਦਮੀ ਪਾਰਟੀ ਦਾ ਗਠਨ ਕੀਤਾ ਜਾਣਾ ਗਲਤ ਫ਼ੈਸਲਾ ਸੀ। ਉਨ੍ਹਾਂ ਅਜੇ ਭਵਿੱਖ ’ਚ ਆਪਣੇ ਸਿਆਸੀ ਕਦਮ ਬਾਰੇ ਕੁਝ ਵੀ ਸਪੱਸ਼ਟ ਨਹੀਂ ਕੀਤਾ, ਪਰ ਉਨ੍ਹਾਂ ਕਿਹਾ ਹੈ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਨਹੀਂ ਲੜਨਗੇ।