ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਕਿਸੇ ਨਾ ਕਿਸੇ ਵਿਵਾਦ ਵਿੱਚ ਘਿਰੇ ਰਹਿੰਦੇ ਹਨ। ਤਾਜ਼ਾ ਮਾਮਲਾ ਮਲੋਟ ਤੋਂ ਚੰਡੀਗੜ੍ਹ ਨੂੰ ਜਾਂਦੀ ਪੰਜਾਬ ਰੋਡਵੇਜ ਬੱਸ ਨਾਲ ਸਬੰਧਤ ਹੈ। ਇਹ ਬੱਸ ਸੇਵਾ ਉਨ੍ਹਾਂ ਵੱਲੋਂ ਸ਼ੁਰੂ ਕਰਵਾਈ ਗਈ ਸੀ। ਹੁਣ ਇਹ ਬੱਸ ਇਸ ਲਈ ਵਿਵਾਦਾਂ ਵਿੱਚ ਘਿਰ ਗਈ ਹੈ ਕਿਉਂਕਿ ਬੱਸ ਦੋ ਸੂਬਿਆਂ ਵਿੱਚ ਬਗੈਰ ਪਰਮਿਟ ਦੇ ਹੀ ਗੇੜੇ ਕੱਢ ਰਹੀ ਹੈ।


ਦਰਅਸਲ ਇਸ ਬੱਸ ਦੇ ਰੂਟ ਖ਼ਿਲਾਫ਼ ਪਟੀਸ਼ਨ ਦਾਇਰ ਕਤੀ ਗਈ ਹੈ। ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਦੋ ਸੂਬਿਆਂ ਵਿੱਚ ਚੱਲਣ ਵਾਲੀ ਬੱਸ ਨੂੰ ਪਰਮਿਟ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਜਦਕਿ ਇਸ ਬੱਸ ਦੇ ਰੂਟ ਲਈ ਕੇਂਦਰ ਸਰਕਾਰ ਤੋਂ ਮਨਜ਼ੂਰੀ ਨਹੀਂ ਲਈ ਗਈ।

ਪੰਜਾਬ ਰੋਡਵੇਜ਼ ਮੁਕਤਸਰ ਡਿੱਪੂ ਦੀ ਇਸ ਬੱਸ ਨੂੰ ਮਲੋਟ ਤੋਂ ਚੰਡੀਗੜ੍ਹ ਤਕ ਚਲਾਇਆ ਜਾ ਰਿਹਾ ਸੀ। ਇਸ ਦਾ ਰੂਟ ਮਲੋਟ, ਗਿੱਦੜਬਾਹਾ, ਬਠਿੰਡਾ, ਪਟਿਆਲਾ ਤੇ ਚੰਡੀਗੜ੍ਹ ਹੈ। ਅਦਾਲਤ ਨੇ ਇਸ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਬੱਸ ਦੇ ਚੱਲਣ ’ਤੇ ਰੋਕ ਲਾ ਦਿੱਤੀ ਹੈ।

ਪੰਜਾਬ ਰੋਡਵੇਜ਼ ਦੀ ਇਸ ਬੱਸ ਨੂੰ ਇਕ ਟੈਂਪਰੇਰੀ ਰੂਟ ਪਰਮਿਟ ਦਿੱਤਾ ਗਿਆ ਸੀ ਜੋ ਕਿ ਪੰਜਾਬ ਦੇ ਟਰਾਂਸਪੋਰਟ ਮੰਤਰੀ ਵੱਲੋਂ ਜਾਰੀ ਕੀਤਾ ਗਿਆ ਸੀ। ਹੁਣ ਇਸ ਪਟੀਸ਼ਨ ’ਤੇ 28 ਜਨਵਰੀ ਨੂੰ ਅਗਲੀ ਸੁਣਵਾਈ ਹੋਵੇਗੀ।