ਗਗਨਦੀਪ ਸ਼ਰਮਾ
ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਸੂਬੇ 'ਚ ਰੇਤੇ ਦੇ ਰੇਟ ਸਾਢੇ ਪੰਜ ਰੁਪਏ ਪ੍ਰਤੀ ਕਿਉਬਿਕ ਫੁੱਟ ਕੀਤੇ ਜਾਣ ਤੋਂ ਬਾਅਦ ਫਿਲਹਾਲ ਅੰਮ੍ਰਿਤਸਰ ਜ਼ਿਲ੍ਹੇ 'ਚ ਲੋਕਾਂ ਨੂੰ ਘਟਾਏ ਰੇਟਾਂ 'ਤੇ ਰੇਤ ਮਿਲਣੀ ਸ਼ੁਰੂ ਨਹੀਂ ਹੋਈ। ਇਸ ਕਾਰਨ ਰੇਤ ਦੇ ਠੇਕੇਦਾਰਾਂ ਵੱਲੋਂ ਦਰਿਆਵਾਂ ਦੇ ਕੰਢਿਆਂ ਤੋਂ ਖੱਡਾਂ 'ਚੋਂ ਰੇਤ ਕੱਢਣੀ ਬੰਦ ਕਰ ਦਿੱਤੀ ਹੈ।
'ਏਬੀਪੀ ਸਾਂਝਾ' ਦੀ ਟੀਮ ਨੇ ਜ਼ਿਲ੍ਹੇ ਦੇ ਰਾਵੀ ਦਰਿਆ ਕੰਢੇ ਪਿੰਡ ਕੋਟ, ਚਾਹਰਪੁਰ, ਰੂੜੇਵਾਲ ਤੇ ਬੱਲੜਵਾਲ ਜਾ ਕੇ ਦੇਖਿਆ ਤਾਂ ਰੇਤੇ ਦੀਆਂ ਖੱਡਾਂ 'ਚੋਂ ਰੇਤ ਕੱਢਣ ਦਾ ਕੰਮ ਰੁਕਿਆ ਪਿਆ ਸੀ। ਕੋਈ ਠੇਕੇਦਾਰ ਜਾਂ ਕਰਿੰਦਾ ਖੱਡ ਨਜ਼ਦੀਕ ਮੌਜੂਦ ਨਹੀਂ ਸੀ। ਆਸਪਾਸ ਦੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਕੁਝ ਖੱਡਾਂ 'ਚ ਬੀਤੇ ਕੱਲ ਤੋਂ ਰੇਤ ਨਹੀਂ ਕੱਢੀ ਗਈ। ਆਮ ਤੌਰ 'ਤੇ ਜਦੋਂ ਖੱਡਾਂ ਚੱਲ ਰਹੀਆਂ ਹੁੰਦੀਆਂ ਹਨ ਤਾਂ ਇੱਥੇ ਚਹਿਲ-ਪਹਿਲ ਰਹਿੰਦੀ ਹੈ ਪਰ ਅੱਜ ਖੱਡਾਂ 'ਤੇ ਸੁੰਨਸਾਨ ਪੱਸਰੀ ਸੀ।
ਇਸ ਬਾਬਤ ਰੇਤੇ ਦੀਆਂ ਅਜਨਾਲਾ ਸਥਿਤ ਦੁਕਾਨ ਦੇ ਮਾਲਕਾਂ ਨੇ ਦੱਸਿਆ ਕਿ ਅੱਜ ਸਵੇਰ ਤੋਂ ਰੇਤ ਦੀ ਸਪਲਾਈ ਨਹੀਂ ਆਈ, ਕਿਉਂਕਿ ਠੇਕੇਦਾਰ ਕੰਮ ਛੱਡ ਕੇ ਹੀ ਚਲੇ ਗਏ ਹਨ ਜਿਸ ਦਾ ਕਾਰਨ ਸਰਕਾਰ ਵੱਲੋਂ ਰੇਤੇ ਦੇ ਰੇਟ ਘਟਾਏ ਜਾਣਾ ਹੈ। ਅਜਨਾਲਾ ਦੇ ਦੁਕਾਨਦਾਰਾਂ ਦਿਆਲ ਸਿੰਘ ਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤੋਂ ਰੇਤੇ ਦੀ ਸਪਲਾਈ ਨਹੀਂ ਆਈ, ਜੋ ਆਮ ਤੌਰ 'ਤੇ ਰੋਜਾਨਾ ਸਵੇਰੇ ਅੱਠ ਵਜੇ ਤਕ ਆ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਹੁਣ ਸਾਡੇ ਕੋਲ ਪੰਜ/ਛੇ ਸੈਂਕੜੇ ਰੇਤ ਪਈ ਹੈ, ਜੋ ਪੁਰਾਣੇ ਰੇਟਾਂ 'ਤੇ ਲਈ ਸੀ ਤੇ ਅਸੀਂ ਰੇਤ ਨਹੀਂ ਵੇਚ ਰਹੇ। ਉਨ੍ਹਾਂ ਸਾਫ ਕਿਹਾ ਕਿ ਸਰਕਾਰ ਦਾ ਫੈਸਲਾ ਸਹੀ ਹੈ ਤੇ ਸਾਨੂੰ ਪਿੱਛੋਂ ਜਿਸ ਰੇਟ 'ਤੇ ਠੇਕੇਦਾਰ ਦੇਣਗੇ, ਉਸ 'ਚੋਂ ਆਪਣਾ ਥੋੜ੍ਹਾ/ਬਹੁਤ ਮੁਨਾਫਾ ਕੱਢ ਕੇ ਅੱਗੇ ਵੇਚ ਦਿਆਂਗੇ ਪਰ ਫਿਲਹਾਲ ਸਾਨੂੰ ਨਵੇਂ ਰੇਟ 'ਤੇ ਰੇਤ ਨਹੀਂ ਆਈ।
ਦੁਕਾਨਦਾਰਾਂ ਦੱਸਿਆ ਕਿ ਠੇਕੇਦਾਰ ਜਾਂ ਉਨ੍ਹਾਂ ਦੇ ਕਰਿੰਦੇ ਸਵੇਰ ਦਾ ਸਾਡਾ ਫੋਨ ਹੀ ਨਹੀਂ ਚੁੱਕ ਰਹੇ। ਰੇਤ ਲੈਣ ਆਏ ਵੀਰੂ ਨੇ ਦੱਸਿਆ ਕਿ ਹਾਲੇ ਦੁਕਾਨਾਂ ਤੋਂ ਪੁਰਾਣੇ ਰੇਟਾਂ 'ਤੇ ਹੀ ਰੇਤ ਮਿਲ ਰਹੀ ਹੈ, ਸਰਕਾਰ ਨੂੰ ਚਾਹੀਦਾ ਹੈ ਕਿ ਨਵੇਂ ਰੇਟ ਜੇ ਐਲਾਨੇ ਹਨ ਤਾਂ ਇਨ੍ਹਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ।