ਚੰਡੀਗੜ੍ਹ: ਨਵਜੋਤ ਸਿੱਧੂ ਦੇ ਅਸਤੀਫ਼ੇ ਮਗਰੋਂ ਪੰਜਾਬ ਕਾਂਗਰਸ 'ਚ ਹਲਚਲ ਹੈ। ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ੇ ਤੋਂ ਬਾਅਦ ਪਟਿਆਲਾ 'ਚ ਉਨ੍ਹਾਂ ਦੇ ਘਰ ਦੇਰ ਰਾਤ ਤਕ ਹਲਚਲ ਰਹੀ। ਸਿੱਧੂ ਦੇ ਘਰ ਇਕ ਬੈਠਕ ਹੋਈ, ਜਿਸ 'ਚ ਕੈਬਨਿਟ ਮੰਤਰੀ ਪਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਵਿਧਾਇਕ ਮੌਜੂਦ ਸਨ।


ਬੈਠਕ ਤੋਂ ਬਾਅਦ ਵਿਧਾਇਕਾਂ ਨੇ ਇਹੀ ਕਿਹਾ ਕਿ ਜਲਦ ਹੀ ਮਾਮਲਾ ਸੁਲਝ ਜਾਵੇਗਾ। ਪਰ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਕਾਂਗਰਸ 'ਚ ਅਸਤੀਫ਼ਿਆਂ ਦਾ ਦੌਰ ਸ਼ੁਰੂ ਹੋ ਗਿਆ, ਯਾਨੀ ਮਾਮਲਾ ਸੁਲਝਨ ਦੀ ਬਜਾਇ ਉਲਝਦਾ ਦਿਖਾਈ ਦੇ ਰਿਹਾ ਹੈ।


ਚੰਨੀ ਨੇ ਅੱਜ ਸਵੇਰੇ ਸਾਢੇ 10 ਵਜੇ ਬੁਲਾਈ ਕੈਬਨਿਟ ਮੀਟਿੰਗ


ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਬੁੱਧਵਾਰ ਸਵੇਰੇ ਸਾਢੇ 10 ਵਜੇ ਕੈਬਨਿਟ ਮੀਟਿੰਗ ਸੱਦੀ ਹੈ। ਚੰਨੀ ਕੈਬਨਿਟ ਮੀਟਿੰਗ ਪਹਿਲਾਂ 1 ਅਕਤੂਬਰ ਨੂੰ ਹੋਣੀ ਸੀ। ਪਰ ਪੰਜਾਬ 'ਚ ਜਾਰੀ ਅਸਤੀਫ਼ਿਆਂ ਤੇ ਸਿਆਸੀ ਗਤੀਵਿਧੀਆਂ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਅੱਜ ਹੀ ਬੈਠਕ ਬੁਲਾਈ ਹੈ।


ਪੰਜਾਬ ਕਾਂਗਰਸ 'ਚ ਅਸਤੀਫ਼ਿਆਂ ਦਾ ਦੌਰ ਸ਼ੁਰੂ


ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਪੰਜਾਬ ਕਾਂਗਰਸ 'ਚ ਅਸਤੀਫ਼ਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਕੈਬਨਿਟ ਮੰਤਰੀ ਤੇ ਸਿੱਧੂ ਦੇ ਕਰੀਬੀ ਰਜ਼ੀਆ ਸੁਲਤਾਨਾ ਨੇ ਅਸਤੀਫ਼ਾ ਦੇ ਦਿੱਤਾ ਹੈ। ਦੋ ਹੋਰ ਮੰਤਰੀ ਅਸਤੀਫ਼ਾ ਦੇ ਸਕਦੇ ਹਨ। ਪੰਜਾਬ ਕਾਂਗਰਸ ਦੇ ਦੋ ਜਨਰਲ ਸਕੱਤਰ ਗੌਤਮ ਸੇਠ ਤੇ ਯੋਗਿੰਦਰ ਢੀਂਗਰਾ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਗੁਲਜ਼ਾਰ ਇੰਦਰ ਚਹਿਲ ਨੇ ਪੰਜਾਬ ਖਜ਼ਾਨਚੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਸਿੱਧੂ ਦੇ ਘਰ ਬੈਠਕ 'ਚ ਸ਼ਾਮਿਲ ਹੋਣ ਵਾਲਿਆਂ ਚ ਰਜ਼ੀਆ ਸੁਲਤਾਨਾ ਵੀ ਸ਼ਾਮਿਲ ਸੀ। ਉਨ੍ਹਾਂ ਸਿੱਧੂ ਨੂੰ ਅਸੂਲਾਂ ਵਾਲਾਂ ਆਦਮੀ ਦੱਸਿਆ ਤੇ ਕਿਹਾ ਕਿ ਉਹ ਪੰਜਬ ਲਈ ਲੜ ਰਹੇ ਹਨ।


ਸਿੱਧੂ ਨੇ ਤਿੰਨ ਨਿਯੁਕਤੀਆਂ 'ਤੇ ਜਤਾਈ ਨਰਾਜ਼ਗੀ


ਸਿਆਸਤ ਦੀ ਪਿੱਚ ਤੇ ਆਪਣੀ ਹੀ ਪਾਰਟੀ ਖਿਲਾਫ ਫੀਲਡਿੰਗ ਕਰ ਰਹੇ ਸਿੱਧੂ ਦੇ ਅਸਤੀਫ਼ੇ ਪਿੱਛੇ ਕਈ ਵਜ੍ਹਾ ਅਹਿਮ ਮੰਨੀਆ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਨਵਜੋਤ ਸਿੰਘ ਸਿੱਧੂ ਨੇ ਤਿੰਨ ਨਿਯੁਕਤੀਆਂ 'ਤੇ ਨਰਾਜ਼ਗੀ ਦੇ ਚੱਲਦਿਆਂ ਅਸਤੀਫ਼ਾ ਦਿੱਤਾ ਹੈ।


1. ਰਾਣਾ ਗੁਰਜੀਤ ਨੂੰ ਮੰਤਰੀ ਬਣਾਉਣਾ
2.IPS ਸਹੋਤਾ ਨੂੰ DGP ਬਣਾਉਣਾ
3. ASP ਦਿਓਲ ਨੂੰ ਐਡਵੋਕੇਟ ਜਨਰਲ ਬਣਾਉਣਾ


ਯਾਨੀ ਸਿੱਧੂ ਨੂੰ ਲੱਗ ਰਿਹਾ ਸੀ ਕਿ ਨਾ ਹੀ ਮੰਤਰੀ ਮੰਡਲ ਵਿਸਥਾਰ 'ਚ ਉਨ੍ਹਾਂ ਦੀ ਚੱਲੀ ਤੇ ਨਾ ਹੀ ਅਫ਼ਸਰਾਂ ਦੀ ਨਿਯੁਕਤੀ ਉਨ੍ਹਾਂ ਦੇ ਮਨ ਮੁਤਾਬਕ ਹੋਈ। ਜਦੋਂ ਉਨ੍ਹਾਂ ਦੀ ਰਾਇ ਨੂੰ ਪਾਰਟੀ ਵੱਲੋਂ ਮੰਨਿਆ ਹੀ ਨਹੀਂ ਗਿਆ, ਤਦ ਉਨ੍ਹਾਂ ਨੂੰ ਲੱਗਾ ਕਿ ਉਹ ਇਕ ਸਪੀਚਲੈਸ ਪ੍ਰਧਾਨ ਹਨ।