ਨਵੀਂ ਦਿੱਲੀ: ਪੰਜਾਬ ਦੀ ਸਿਆਸਤ 'ਚ ਪਿਛਲੇ ਕਈ ਦਿਨਾਂ ਤੋਂ ਵੱਡੇ ਉਤਰਾਅ-ਚੜਾਅ ਆ ਰਹੇ ਹਨ। ਅਜਿਹੇ 'ਚ ਹੁਣ ਖ਼ਬਰ ਹੈ ਕਿ ਕਾਂਗਰਸ ਹਾਈਕਮਾਨ ਨੇ ਨਵਜੋਤ ਸਿੱਧੂ ਦਾ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਸਵੀਕਾਰ ਨਹੀਂ ਕੀਤਾ। ਕਾਂਗਰਸ ਹਾਈਕਮਾਨ ਨੇ ਸਿੱਧੂ ਨਾਲ ਆਪਣੇ ਮਸਲੇ ਸੁਲਝਾਉਣ ਦੀ ਗੱਲ ਕਹੀ ਹੈ।
ਕਾਂਗਰਸ ਵਿਧਾਇਕ ਬਾਵਾ ਹੈਨਰੀ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਅਸਤੀਫ਼ਾ ਸਵੀਕਾਰ ਨਹੀਂ ਕੀਤਾ ਗਿਆ। ਜਲਦ ਹੀ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਖੇਮੇ ਦੇ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ 'ਚ ਫਲੋਰ ਟੈਸਟ ਕਰਾਉਣ ਦੀ ਮੰਗ ਕੀਤੀ ਹੈ।
ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਪਟਿਆਲਾ 'ਚ ਕੈਬਨਿਟ ਮੰਤਰੀ ਪਰਗਟ ਸਿਘ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਧੂ ਨਾਲ ਮੁਲਾਕਾਤ ਕੀਤੀ। ਕਾਂਗਰਸ ਲੀਡਰ ਪਰਗਟ ਸਿੰਘ ਨੇ ਮੀਡੀਆ ਨੂੰ ਕਿਹਾ, 'ਇਕ ਦੋ ਮੁੱਦੇ ਹਨ ਜਲਦ ਹੀ ਸੁਲਝਾ ਲਏ ਜਾਣਗੇ। ਕਈ ਵਾਰ ਗਲਤਫਹਿਮੀ ਹੋ ਜਾਂਦੀ ਹੈ ਉਹ ਹੱਲ ਕਰ ਲੈਣਗੇ।' ਕਾਂਗਰਸ ਲੀਡਰ ਅਮਰਿੰਦਰ ਰਾਜਾ ਵੜਿੰਗ ਨੇ ਕਿਹਾ, 'ਇਕ ਦੋ ਛੋਟੇ-ਛੋਟੇ ਮੁੱਦੇ ਹਨ, ਆਪਸ 'ਚ ਗਲਤਫਹਿਮੀ ਨਾਲ ਵਿਸ਼ਵਾਸ ਟੁੱਟਿਆ। ਕੋਈ ਵੱਡੀ ਗੱਲ ਨਹੀਂ ਹੈ, ਕੱਲ੍ਹ ਸਾਰਾ ਮਸਲਾ ਸੁਲਝਾ ਲਿਆ ਜਾਵੇਗਾ।'
ਪੰਜਾਬ ਸੀਐਮ ਚੰਨੀ ਨੇ ਬੁਲਾਈ ਕੈਬਨਿਟ ਮੀਟਿੰਗ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਬੁੱਧਵਾਰ ਸਵੇਰੇ ਸਾਢੇ 10 ਵਜੇ ਕੈਬਨਿਟ ਮੀਟਿੰਗ ਸੱਦੀ ਹੈ। ਚੰਨੀ ਕੈਬਨਿਟ ਮੀਟਿੰਗ ਪਹਿਲਾਂ 1 ਅਕਤੂਬਰ ਨੂੰ ਹੋਣੀ ਸੀ। ਪਰ ਪੰਜਾਬ 'ਚ ਜਾਰੀ ਅਸਤੀਫ਼ਿਆਂ ਤੇ ਸਿਆਸੀ ਗਤੀਵਿਧੀਆਂ ਨੂੰ ਦੇਖਦਿਆਂ ਮੁੱਖ ਮੰਤਰੀ ਨੇ ਅੱਜ ਹੀ ਬੈਠਕ ਬੁਲਾਈ ਹੈ।
ਮੰਗਲਵਾਰ ਪੰਜਾਬ ਦੀ ਸਿਆਸਤ 'ਚ ਉਸ ਵੇਲੇ ਹਲਚਲ ਮੱਚ ਗਈ ਸੀ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਚਾਨਕ ਅਸਤੀਫਾ ਦੇ ਦਿੱਤਾ। ਸਿੱਧੂ ਦੇ ਅਸਤੀਫ਼ੇ ਮਗਰੋਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚੱਲ ਮੱਚ ਗਈ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਪੱਤਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਟਵਿੱਟਰ 'ਤੇ ਭੇਜਿਆ ਹੈ।
ਸੋਨੀਆ ਗਾਂਧੀ ਨੂੰ ਲਿਖੇ ਆਪਣੇ ਪੱਤਰ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ, "ਮਨੁੱਖ ਦੇ ਚਰਿੱਤਰ ਦਾ ਪਤਨ ਸਮਝੌਤਿਆਂ ਤੋਂ ਹੁੰਦਾ ਹੈ। ਪੰਜਾਬ ਦੇ ਭਵਿੱਖ ਤੇ ਪੰਜਾਬ ਦੇ ਭਲੇ ਦੇ ਏਜੰਡੇ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ।" ਉਨ੍ਹਾਂ ਕਿਹਾ, "ਇਸ ਲਈ, ਮੈਂ ਇਸ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ ਪਰ ਕਾਂਗਰਸ ਦੀ ਸੇਵਾ ਜਾਰੀ ਰੱਖਾਂਗਾ।"
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਾਲ ਹੀ ਵਿੱਚ ਬਣੇ ਮੰਤਰੀ ਮੰਡਲ ਵਿੱਚ ਵਿਧਾਨ ਸਭਾ ਦੇ ਕੁਝ ਮੈਂਬਰਾਂ ਨੂੰ ਸ਼ਾਮਲ ਨਾ ਕੀਤੇ ਜਾਣ ਤੇ ਪੰਜਾਬ ਦੇ ਨਵੇਂ ਐਡਵੋਕੇਟ ਜਨਰਲ, ਅਮਰਪ੍ਰੀਤ ਸਿੰਘ ਦਿਓਲ ਦੀ ਨਿਯੁਕਤੀ ਨੂੰ ਲੈ ਕੇ ਸਿੱਧੂ ਸੂਬੇ ਵਿੱਚ ਹਾਲੀਆ ਘਟਨਾਕ੍ਰਮ ਤੋਂ ਨਾਰਾਜ਼ ਮੰਨੇ ਜਾਂਦੇ ਹਨ।
ਦਿਓਲ ਦੀ ਨਿਯੁਕਤੀ ਨੂੰ ਲੈ ਕੇ ਹੰਗਾਮੇ ਦੇ ਵਿਚਕਾਰ ਸਿੱਧੂ ਦਾ ਅਸਤੀਫਾ ਆਇਆ ਹੈ। ਦਿਓਲ, ਜਿਨ੍ਹਾਂ ਨੇ ਆਪਣੇ ਵੱਖ-ਵੱਖ ਹਾਈ-ਪ੍ਰੋਫਾਈਲ ਕੇਸਾਂ ਵਿੱਚ, ਪੰਜਾਬ ਦੇ ਸਾਬਕਾ ਡੀਜੀਪੀ, ਸੁਮੇਧ ਸੈਣੀ ਦੀ ਨੁਮਾਇੰਦਗੀ ਕੀਤੀ ਹੈ, ਨੂੰ ਸੋਮਵਾਰ ਨੂੰ ਇੱਕ ਅਧਿਕਾਰਤ ਨੋਟੀਫਿਕੇਸ਼ਨ ਰਾਹੀਂ ਪੰਜਾਬ ਦਾ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਸੀ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਨਿਯੁਕਤੀ ਦਾ ਬਚਾਅ ਕਰਦਿਆਂ ਕਿਹਾ ਕਿ ਵਿਵਾਦਪੂਰਨ ਕੇਸ ਦਿਓਲ ਦੇ ਪੇਸ਼ੇਵਰ ਫਰਜ਼ਾਂ ਦੌਰਾਨ ਸੀ।
ਸਿੱਧੂ ਦੇ ਅਸਤੀਫੇ ਨੇ ਕਾਂਗਰਸ ਨੂੰ ਬੇਹੱਦ ਮਾੜੀ ਸਥਿਤੀ 'ਚ ਪਹੁੰਚਾ ਦਿੱਤਾ ਹੈ। ਸਿੱਧੂ ਨੂੰ ਜੂਨ ਵਿੱਚ ਸੁਨੀਲ ਜਾਖੜ ਦੀ ਜਗ੍ਹਾ ਕਾਂਗਰਸ ਦੇ ਪੰਜਾਬ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਕਾਂਗਰਸ ਲੀਡਰਸ਼ਿਪ ਸਿੱਧੂ ਨੂੰ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਵਜੋਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਪੇਸ਼ ਕਰਨ ਦੀ ਤਿਆਰੀ ਕਰ ਰਹੀ ਸੀ, ਇਸ ਤੋਂ ਪਹਿਲਾਂ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਅਸਤੀਫਾ ਦੇ ਦਿੱਤਾ ਸੀ।