ਉਧਰ, ਸੋਮਵਾਰ ਨੂੰ ਨਵਜੋਤ ਸਿੱਧੂ ਤੇ ਕੈਪਟਨ ਵਿਚਾਲੇ ਪੈਦਾ ਹੋਏ ਟਕਰਾਅ ਦਾ ਹੱਲ਼ ਕੱਢਣ ਲਈ ਸੀਨੀਅਰ ਲੀਡਰ ਅਹਿਮਦ ਪਟੇਲ ਦੇ ਵੀ ਸੋਮਵਾਰ ਨੂੰ ਚੰਡੀਗੜ੍ਹ ਆਉਣ ਦੇ ਕਿਆਸ ਲਾਏ ਜਾ ਰਹੇ ਹਨ। ਉਹ ਕੈਪਟਨ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਦੀ ਹੱਲ਼ ਕੱਢਣਗੇ। ਇਹ ਵੀ ਚਰਚਾ ਹੈ ਕਿ ਮੰਤਰੀਆਂ ਨੂੰ ਆਪਣੇ ਨਵੇਂ ਅਹੁਦੇ ਸੰਭਾਲਣੇ ਹੀ ਪੈਣਗੇ ਕਿਉਂਕਿ ਕੈਪਟਨ ਆਪਣਾ ਫੈਸਲਾ ਬਦਲਣ ਦੇ ਰੌਂਅ ਵਿੱਚ ਨਹੀਂ। ਇਸ ਲਈ ਸੋਮਵਾਰ ਨੂੰ ਤਸਵੀਰ ਸਾਫ ਹੋਣ ਦੀ ਉਮੀਦ ਹੈ। ਹਾਲਾਂਕਿ ਮੁੱਖ ਮੰਤਰੀ ਦਫ਼ਤਰ ਦਾ ਕਹਿਣਾ ਹੈ ਕਿ ਅਹਿਮਦ ਪਟੇਲ ਸੋਮਵਾਰ ਨੂੰ ਚੰਡੀਗੜ੍ਹ ਨਹੀਂ ਆ ਰਹੇ।
ਯਾਦ ਰਹੇ ਨਵਜੋਤ ਸਿੱਧੂ ਤੇ ਸਥਾਨਕ ਸਰਕਾਰਾਂ ਮਹਿਕਮਾ ਵਾਪਸ ਲੈ ਕੇ ਉਨ੍ਹਾਂ ਨੂੰ ਬਿਜਲੀ ਮੰਤਰਾਲਾ ਦੇ ਦਿੱਤਾ ਸੀ। ਇਸੇ ਤਰ੍ਹਾਂ ਓਪੀ ਸੋਨੀ ਤੋਂ ਸਕੂਲ ਸਿੱਖਿਆ ਵਿਭਾਗ ਖੋਹ ਕੇ ਉਨ੍ਹਾਂ ਨੂੰ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦਿੱਤਾ ਗਿਆ ਹੈ। ਸੋਨੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਸਿੱਖਿਆ ਵਿਭਾਗ ਵਿੱਚ ਕਾਫ਼ੀ ਮਿਹਨਤ ਨਾਲ ਕੰਮ ਕੀਤਾ ਸੀ, ਪਰ ਅਫ਼ਸਰਸ਼ਾਹੀ ਦੇ ਆਖੇ ਲੱਗ ਕੇ ਉਨ੍ਹਾਂ ਨੂੰ ਉਥੋਂ ਹਟਾਇਆ ਗਿਆ ਹੈ। ਸੋਨੀ ਨੇ ਕਿਹਾ ਕਿ ਉਨ੍ਹਾਂ ਦੇ ਸਿੱਖਿਆ ਮੰਤਰੀ ਰਹਿੰਦਿਆਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਨੇ 85 ਫੀਸਦੀ ਪਾਸ ਪ੍ਰਤੀਸ਼ਤਤਾ ਦਰਜ ਕੀਤੀ ਹੈ।
ਇਸ ਤੋਂ ਇਲਾਵਾ ਕੁਝ ਹੋਰ ਮੰਤਰੀ ਵੀ ਹਨ ਜੋ ਕੈਪਟਨ ਦੇ ਵਜ਼ਾਰਤ ਵਿੱਚ ਫੇਰਬਦਲ ਦੇ ਫਾਰਮੂਲੇ ਤੋਂ ਔਖੇ ਹਨ। ਉਹ ਬੇਸ਼ੱਕ ਖੁੱਲ੍ਹ ਕੇ ਬੋਲ ਨਹੀਂ ਰਹੇ ਪਰ ਉਹ ਆਪਣੀ ਹੀ ਸਰਕਾਰ ਤੋਂ ਖੁਸ਼ ਨਹੀਂ। ਇਸ ਲਈ ਕਾਂਗਰਸ ਵਿੱਚ ਖਾਨਾਜੰਗੀ ਵਧਣ ਦੇ ਆਸਾਰ ਹਨ। ਇਸ ਵੇਲੇ ਕੁਝ ਧੜੇ ਨੁੱਕਰੇ ਲੱਗੇ ਹਨ ਤਾਜ਼ਾ ਘਟਨਾਕ੍ਰਮ ਮਗਰੋਂ ਕੈਪਟਨ ਧੜੇ ਖਿਲਾਫ ਲਾਮਬੰਦੀ ਹੋ ਸਕਦੀ ਹੈ। ਉਂਝ ਇਸ ਵੇਲੇ ਹਾਈਕਮਾਨ ਦੀ ਥਾਪੜਾ ਕੈਪਟਨ ਦੇ ਹੀ ਨਾਲ ਹੈ।