ਚੰਡੀਗੜ੍ਹ: ਪੰਜਾਬ ਸਰਕਾਰ ਨੂੰ ਇੱਕ ਵਾਰ ਫਿਰ ਸ਼ਰਮਸਾਰ ਹੋਣਾ ਪਿਆ ਹੈ। ਮੁਕਤਸਰ ਵਿੱਚ ਕਾਂਗਰਸ ਨਾਲ ਸਬੰਧਤ ਵਿਅਕਤੀਆਂ ਵੱਲੋਂ ਔਰਤ ਨਾਲ ਕੁੱਟਮਾਰ ਦੇ ਮਾਮਲੇ ਨੇ ਕੈਪਟਨ ਸਰਕਾਰ 'ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸੋਸ਼ਲ ਮੀਡੀਆ 'ਤੇ ਕਾਂਗਰਸ ਪਾਰਟੀ ਤੇ ਕੈਪਟਨ ਸਰਕਾਰ ਦੀ ਤਿੱਖੀ ਅਲੋਚਨਾ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸੰਗਰੂਰ ਜ਼ਿਲ੍ਹੇ ਵਿੱਚ ਬੋਰਵੈੱਲ ਵਿੱਚ ਡਿੱਗੇ ਦੋ ਸਾਲ ਦੇ ਬੱਚੇ ਨੂੰ ਬਚਾਉਣ ਲਈ ਵਰਤੀ ਢਿੱਲਮੱਠ ਕਰਕੇ ਕੈਪਟਨ ਸਰਕਾਰ ਨੂੰ ਨਿਮੋਸ਼ੀ ਝੱਲਣੀ ਪਈ ਸੀ।


ਤਾਜ਼ਾ ਘਟਨਾ ਮੁਕਤਸਰ ਜ਼ਿਲ੍ਹੇ ਦੀ ਹੈ ਜਿੱਥੇ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਦੇ ਭਰਾ ਨਾਲ ਕੁਝ ਗੁੰਡਿਆਂ ਨੇ ਔਰਤ ਨੂੰ ਬੁਰੀ ਤਰ੍ਹਾਂ ਕੁੱਟਿਆ। ਇਸ ਕੁੱਟਮਾਰ ਦੀ ਵੀਡੀਓ ਵਾਇਰ ਹੋਣ ਮਗਰੋਂ ਸਰਕਾਰ ਦੀ ਜੰਮ ਕੇ ਅਲੋਚਨਾ ਹੋਈ। ਇਸ ਮਗਰੋਂ ਪੁਲਿਸ ਨੇ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਨਾਮਜ਼ਦ 10 ਮੁਲਜ਼ਮਾਂ ਵਿੱਚੋਂ ਛੇ ਗ੍ਰਿਫਤਾਰ ਹੋ ਚੁੱਕੇ ਹਨ। ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਕਾਨੂੰਨ ਤੋਂ ਉਪਰ ਕੋਈ ਵੀ ਨਹੀਂ। ਉਨ੍ਹਾਂ ਕਿਹਾ ਕਿ ਅਜਿਹੀਆਂ ਹਿੰਸਕ ਘਟਨਾਵਾਂ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਮੁਲ਼ਜ਼ਮਾਂ ਖਿਲਾਫ ਪੁਲਿਸ ਕਾਰਵਾਈ ਕਰੇਗੀ।

ਬੇਸ਼ੱਕ ਕੈਪਟਨ ਕਾਰਵਾਈ ਦਾ ਭਰੋਸਾ ਦੇ ਰਹੇ ਹਨ ਪਰ ਕਾਂਗਰਸ ਲਈ ਸਭ ਤੋਂ ਵੱਡੀ ਨਿਮੋਸ਼ੀ ਇਹ ਹੈ ਕਿ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਅਪਰਾਧਕ ਮਾਮਲੇ ਦਰਜ ਹਨ। ਇਸ ਦੀ ਪੁਸ਼ਟੀ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਕਿਹਾ ਹੈ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਸੰਗੀਨ ਮੁਕੱਦਮੇ ਚੱਲਦੇ ਹਨ, ਜਿਨ੍ਹਾਂ ਨੂੰ ਪੜਤਾਲ ਦੇ ਘੇਰੇ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਸਪਸ਼ਟ ਹੈ ਕਿ ਕਾਂਗਰਸ ਅੰਦਰ ਗੁੰਡਾਗਰਦੀ ਵਾਲੇ ਅਨਸਰ ਸ਼ਰੇਆਮ ਵਿਚਰ ਰਹੇ ਹਨ।

ਇਸ ਮਾਮਲੇ ਸਬੰਧੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਮੁਕਤਸਰ ਦੇ ਸੀਨੀਅਰ ਪੁਲਿਸ ਕਪਤਾਨ ਮਨਜੀਤ ਸਿੰਘ ਢੇਸੀ ਤੇ ਥਾਣਾ ਸਿਟੀ ਦੇ ਮੁਖੀ ਅਸ਼ੋਕ ਕੁਮਾਰ ਨੂੰ 20 ਜੂਨ ਨੂੰ ਸਵੇਰੇ 11 ਵਜੇ ਆਪਣੇ ਚੰਡੀਗੜ੍ਹ ਸਥਿਤ ਦਫ਼ਤਰ ਵਿੱਚ ਮਾਮਲੇ ਸਬੰਧੀ ਸਾਰਾ ਰਿਕਾਰਡ ਲੈ ਕੇ ਹਾਜ਼ਰ ਹੋਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਸੰਗੀਨ ਮਾਮਲਾ ਹੈ ਤੇ ਦੋਸ਼ੀਆਂ ਨਾਲ ਨਰਮਾਈ ਨਹੀਂ ਵਰਤੀ ਜਾਵੇਗੀ।