ਚੰਡੀਗੜ੍ਹ: ਪਿੰਡ ਭਗਵਾਨਪੁਰਾ ‘ਚ ਛੇ ਦਿਨ ਪਹਿਲਾਂ ਦੋ ਸਾਲ ਦਾ ਫ਼ਤਹਿਵੀਰ ਸਿੰਘ ਬੋਰਵੈੱਲ ‘ਚ ਡਿੱਗ ਗਿਆ ਸੀ। ਇਸ ਨੂੰ ਬਚਾਉਣ ਲਈ ਲਗਾਤਾਰ ਰੈਸਕਿਊ ਕਰਨ ਦੀ ਪੂਰੀ ਕੋਸ਼ਿਸ਼ ਤਾਂ ਕੀਤੀ ਗਈ ਪਰ ਕੁਝ ਕਮੀਆਂ ਕਾਰਨ ਫ਼ਤਹਿਵੀਰ ਨੂੰ ਜ਼ਿੰਦਾ ਬਾਹਰ ਨਾ ਕੱਢਿਆ ਜਾ ਸਕਿਆ। ਅੱਜ ਸਵੇਰੇ ਫ਼ਤਹਿਵੀਰ ਨੂੰ ਬਾਹਰ ਤਾਂ ਕੱਢ ਲਿਆ ਗਿਆ ਪਰ ਅਫਸੋਸ ਉਦੋਂ ਤਕ ਉਹ ਬੱਚਾ ਮੌਤ ਅੱਗੇ ਹਾਰ ਗਿਆ ਸੀ।

ਅਜਿਹੇ ‘ਚ ਬਚਾਅ ਕਾਰਜਾਂ 'ਚ ਲੱਗੀ ਐਨਡੀਆਰਐਫ ਦੀ ਕਾਰਗੁਜ਼ਾਰੀ ‘ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ ਕਿ ਉਨ੍ਹਾਂ ਦੀ ਢਿੱਲੀ ਕਾਰਵਾਈ ਤੇ ਗਲਤ ਤਕਨੀਕ ਕਰਕੇ ਇਹ ਘਟਨਾ ਵਾਪਰੀ ਹੈ। ਹੁਣ ਇਨ੍ਹਾਂ ਇਲਜ਼ਾਮਾਂ ਦੀ ਸਫਾਈ ਦੇਣ ਐਨਡੀਆਰਐਫ ਦੇ ਡੀਆਈਜੀ ਰਣਦੀਪ ਰਾਣਾ ਨੇ ਮੀਡੀਆ ਨਾਲ ਗੱਲ ਕੀਤੀ।

ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੋ ਵੀ ਆਧੁਨਿਕ ਤਕਨੀਕ ਸੀ, ਉਸ ਦਾ ਇਸਤੇਮਾਲ ਕੀਤਾ ਗਿਆ। ਸਾਡਾ ਮਕਸਦ ਕ੍ਰੈਡਿਟ ਲੈਣਾ ਨਹੀਂ ਸੀ। ਸਾਡਾ ਮਕਸਦ ਸਿਰਫ ਬੱਚੇ ਨੂੰ ਬਚਾਉਣਾ ਸੀ। ਬੱਚੇ ਦੇ ਨਾਲ ਕੱਪੜੇ ਤੇ ਬੋਰੀ ਵੀ ਡਿੱਗੀ ਸੀ ਜਿਸ ਕਾਰਨ ਉਸ ਨੂੰ ਉੱਤੇ ਖਿੱਚਣਾ ਮੁਸ਼ਕਲ ਸੀ।

ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ‘ਚ ਜੇਕਰ ਕੋਈ ਬੱਚਾ ਬੋਰਵੈੱਲ ‘ਚ ਡਿੱਗ ਜਾਏ ਤਾਂ ਇਸ ਦੇ ਰੈਸਕਿਊ ਦੇ ਸਿਰਫ ਤਿੰਨ ਤਰੀਕੇ ਹਨ ਤੇ ਅਸੀਂ ਸਾਰੀਆਂ ਤਕਨੀਕਾਂ ਲਾ ਚੁੱਕੇ ਸੀ। ਸਾਨੂੰ ਬੇਹੱਦ ਅਫਸੋਸ ਹੈ ਕਿ ਅਸੀਂ ਬੱਚੇ ਨੂੰ ਬਚਾ ਨਹੀਂ ਸਕੇ।