Punjab Government: ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਤੋਂ ਬਾਅਦ ਹੁਣ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਵੀ ਜਨਤਕ ਛੁੱਟੀ 'ਤੇ ਜਾਣ ਦਾ ਐਲਾਨ ਕਰ ਦਿੱਤਾ ਹੈ। ਇਹ ਸਾਰੇ ਮੁਲਾਜ਼ਮ 3 ਦਿਨ ਹੜਤਾਲ 'ਤੇ ਰਹਿਣਗੇ। ਜੁਆਇੰਟ ਫੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਫੋਰਮ ਤੇ ਜੂਨੀਅਰ ਇੰਜਨੀਅਰ ਐਸੋਸੀਏਸ਼ਨ ਨੇ ਸਰਕਾਰ ’ਤੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਦੋਸ਼ ਲਾਏ ਹਨ। 



ਇਹ ਪੰਜਾਬੀਆਂ ਲਈ ਫਿਕਰ ਵਾਲੀ ਘੜੀ ਹੈ ਕਿ ਕਿਉਂਕਿ ਜੇ ਕਿਤੇ ਕੋਈ ਨੁਕਸ ਪੈ ਗਿਆ ਤਾਂ ਉਸ ਨੂੰ ਜਲਦੀ ਠੀਕ ਨਹੀਂ ਕੀਤਾ ਜਾਵੇਗਾ ਤੇ ਖਪਤਕਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।


ਜ਼ਿਕਰ ਕਰ ਦਈਏ ਕਿ 6 ਸਤੰਬਰ ਨੂੰ ਤਿੰਨਾਂ ਜਥੇਬੰਦੀਆਂ ਦੇ ਆਗੂਆਂ ਨੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨਾਲ ਮੀਟਿੰਗ ਕੀਤੀ ਸੀ ਹਾਲਾਂਕਿ ਇਹ ਮੀਟਿੰਗ ਬੇਸਿੱਟਾ ਰਹੀ ਸੀ। ਇਸ ਤੋਂ ਪਹਿਲਾਂ ਵੀ 31 ਜੁਲਾਈ ਨੂੰ ਹੋਈ ਮੀਟਿੰਗ ਬੇਸਿੱਟਾ ਰਹੀ ਸੀ। ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਉਨ੍ਹਾਂ ਨੂੰ ਕੁਝ ਵੀ ਦੇਣ ਨੂੰ ਤਿਆਰ ਨਹੀਂ ਹੈ। ਬਸ ਗੱਲਾਂ ਕਰ ਰਹੇ ਹਨ।



ਕੰਮ ਕਰਦਿਆਂ ਆਪਣੀਆਂ ਕੀਮਤੀ ਜਾਨਾਂ ਗੁਆਉਣ ਵਾਲੇ ਬਿਜਲੀ ਕਾਮਿਆਂ ਨੂੰ ਸਰਕਾਰ ਸ਼ਹੀਦ ਦਾ ਦਰਜਾ ਤੇ ਕਰੋੜਾਂ ਰੁਪਏ ਦੀ ਵਿੱਤੀ ਸਹਾਇਤਾ ਵੀ ਦੇਣ ਲਈ ਵੀ ਤਿਆਰ ਨਹੀਂ ਹੈ। ਬਿਜਲੀ ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਾਰੇ ਕਰਮਚਾਰੀ 10, 11 ਅਤੇ 12 ਸਤੰਬਰ ਨੂੰ 3 ਦਿਨਾਂ ਦੀ ਸਮੂਹਿਕ ਛੁੱਟੀ ਲੈਣਗੇ ਅਤੇ ਕੰਮ ਨਹੀਂ ਕਰਨਗੇ।


ਕਿਹੜੀਆਂ ਮੰਗਾਂ ਨੂੰ ਲੈ ਕੇ ਬਿਜਲੀ ਮੁਲਾਜ਼ਮ ਕਰ ਰਹੇ ਨੇ ਪ੍ਰਦਰਸ਼ਨ ?



  1. ਡਿਊਟੀ ਦੌਰਾਨ ਮਰਨ ਵਾਲੇ ਮੁਲਾਜ਼ਮ ਨੂੰ ਸ਼ਹੀਦ ਦਾ ਦਰਜਾ ਤੇ ਕਰੋੜਾਂ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ।

  2. ਸਬ ਸਟੇਸ਼ਨ ਸਟਾਫ਼ ਦੀਆਂ ਮੁੱਖ ਮੰਗਾਂ: ਆਰਟੀਐਮ ਤੋਂ ਏਐਲਐਮ ਵਿੱਚ ਤਰੱਕੀ ਦਾ ਸਮਾਂ ਘਟਾਇਆ ਜਾਵੇ।

  3. ਓਸੀ ਨੂੰ ਪੇ ਬੈਂਡ ਦੇਣਾ, ਸਬ ਸਟੇਸ਼ਨ ਸਟਾਫ ਨੂੰ ਸੁਰੱਖਿਆ ਤੇ ਓਵਰਟਾਈਮ ਦੇਣਾ ਹੋਵੇਗਾ।

  4. ਪੰਜਾਬ ਸਰਕਾਰ ਵੱਲੋਂ ਮੁੜ ਜਾਰੀ ਕੀਤੇ ਭੱਤੇ 2021 ਤੋਂ ਲਾਗੂ ਕੀਤੇ ਜਾਣੇ ਹਨ।

  5. ਥਰਡ ਸਕੇਲ ਪ੍ਰਮੋਸ਼ਨ 'ਤੇ ਭਰੋਸਾ ਕੀਤਾ ਜਾਵੇ, ਖਾਲੀ ਅਸਾਮੀਆਂ 'ਤੇ ਭਰਤੀ ਕੀਤੀ ਜਾਵੇ

  6. ਪਾਵਰਕਾਮ 'ਚ ਦੂਜੇ ਰਾਜਾਂ ਤੋਂ ਭਰਤੀ 'ਤੇ ਰੋਕ ਲਗਾਈ ਜਾਵੇ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :