Punjab government erupted Another controversy for replaced Superintendent of Patiala Jail, with Sucha Singh


ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਸਰਕਾਰ ਜਿੱਥੇ ਕਈ ਫੈਸਲਿਆਂ ਕਰਕੇ ਲੋਕਾਂ ਦੀ ਵਾਹ-ਵਾਹ ਖੱਟ ਰਹੀ ਹੈ, ਇਸ ਦੇ ਨਾਲ ਹੀ ਅਲੋਚਨਾ ਵਿੱਚ ਵੀ ਘਿਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਫਸਲਾਂ ਵਾਹੁਣ ਤੇ ਮੋਟਾ ਖਰਚ ਕਰਨ, ਰਾਜ ਸਭਾ ਲਈ ਪੰਜਾਬ ਤੋਂ ਬਾਹਰਲੇ ਮੈਂਬਰ ਭੇਜਣ ਮਗਰੋਂ ਹੁਣ ਬਾਦਲ ਪਰਿਵਾਰ ਦੇ ਕਰੀਬੀ ਰਹੇ ਸੁੱਚਾ ਸਿੰਘ ਨੂੰ ਪਟਿਆਲਾ ਜੇਲ੍ਹ ਦਾ ਸੁਪਰਡੈਂਟ ਲਾਏ ਜਾਣ ਮਗਰੋਂ ‘ਆਪ’ ਸਰਕਾਰ ਦੀ ਕਿਰਕਿਰੀ ਹੋਣ ਲੱਗੀ ਹੈ।


ਦੱਸ ਦਈਏ ਕਿ ਨਵੇਂ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਿਛਲੇ ਦਿਨੀਂ ਪਟਿਆਲਾ ਜੇਲ੍ਹ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੂੰ ਬਦਲ ਕੇ ਉਨ੍ਹਾਂ ਦੀ ਥਾਂ ਸੁੱਚਾ ਸਿੰਘ ਨੂੰ ਨਿਯੁਕਤ ਕੀਤਾ ਸੀ। ਇਹ ਫ਼ੈਸਲਾ ਜਨਤਕ ਹੋਣ ਮਗਰੋਂ ਹੀ ਨਵੇਂ ਜੇਲ੍ਹ ਸੁਪਰਡੈਂਟ ਦੀਆਂ ਬਾਦਲ ਪਰਿਵਾਰ ਨਾਲ ਤਸਵੀਰਾਂ ਨਸ਼ਰ ਹੋ ਰਹੀਆਂ ਹਨ ਤੇ ਖ਼ੁਦ ਸੁੱਚਾ ਸਿੰਘ ਨੇ ਵੀ ਬਾਦਲ ਪਰਿਵਾਰ ਨਾਲ ਆਪਣੀ ਨੇੜਤਾ ਕਬੂਲੀ ਹੈ। ਅਹਿਮ ਗੱਲ ਹੈ ਕਿ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਨਸ਼ਾ ਤਸਕਰੀ ਕੇਸ ਵਿੱਚ ਜੇਲ੍ਹ ਡੱਕੇ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੂੰ ਵੀਆਈਪੀ ਸਹੁਲਤਾਂ ਦੇਣ ਦੇ ਇਲਜ਼ਾਮਾਂ ਮਗਰੋਂ ਜੇਲ੍ਹ ਸੁਪਰਡੈਂਟ ਸ਼ਿਵਰਾਜ ਸਿੰਘ ਨੂੰ ਇਸ ਲਈ ਬਦਲਿਆ ਸੀ ਪਰ ਹੁਣ ਮੁੜ ਬਾਦਲ ਪਰਿਵਾਰ ਦੇ ਕਰੀਬੀ ਸੁੱਚਾ ਸਿੰਘ ਨੂੰ ਜੇਲ੍ਹ ਸੁਪਰਡੈਂਟ ਲਾ ਦਿੱਤਾ ਹੈ।


ਇਸ ਮਗਰੋਂ ਵਿਰੋਧੀ ਧਿਰਾਂ ਤਾਬੜ-ਤੋੜ ਹਮਲੇ ਕਰ ਰਹੀਆਂ ਹਨ। ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਟਵੀਟ ਕਰਕੇ ਕਿਹਾ, ‘‘ਜੇਲ੍ਹ ਵਿਭਾਗ ਵੱਲੋਂ ਜਿਸ ਵਿਅਕਤੀ ਨੂੰ ਚਾਰਜਸ਼ੀਟ ਕੀਤਾ ਗਿਆ ਸੀ, ਉਸ ਵਿਅਕਤੀ ਨੂੰ ਪਟਿਆਲਾ ਜੇਲ੍ਹ ਦਾ ਸੁਪਰਡੈਂਟ ਲਾ ਦਿੱਤਾ, ਜਿਸ ਦੀ ਬਾਦਲ ਪਰਿਵਾਰ ਨਾਲ ਨੇੜਤਾ ਹੈ। ਬਦਕਿਸਮਤੀ ਨਾਲ ਅਜਿਹਾ ਵਰਤਾਰਾ ਵਾਪਰ ਰਿਹਾ ਹੈ ਤੇ ਨਸ਼ਿਆਂ ਖ਼ਿਲਾਫ਼ ਕਾਰਵਾਈ ਕਰਨ ਵਿੱਚ ਸਰਕਾਰਾਂ ਦੀ ਇਹ ਅਣਗਹਿਲੀ ਹੈ।’’


ਸਾਬਕਾ ਸੰਸਦ ਮੈਂਬਰ ਤੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਟਵੀਟ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ, ‘‘ਮਾਨ ਨੂੰ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਚੁਣਿਆ ਸੀ।’’ ਉਨ੍ਹਾਂ ਕਿਹਾ ਕਿ ਚਿੰਤਾ ਵਾਲੀ ਗੱਲ ਹੈ ਕਿ ਜੋ ਵਿਅਕਤੀ ਜਨਤਕ ਤੌਰ ’ਤੇ ਬਾਦਲਾਂ ਨਾਲ ਆਪਣੀ ਨੇੜਤਾ ਦੀ ਗੱਲ ਆਖ ਰਿਹਾ ਹੈ, ਉਸ ਨੂੰ ਉਸ ਜੇਲ੍ਹ ਦਾ ਸੁਪਰਡੈਂਟ ਲਾ ਦਿੱਤਾ ਗਿਆ ਹੈ, ਜਿੱਥੇ ਮਜੀਠੀਆ ਬੰਦ ਹੈ।


ਸਾਬਕਾ ਸਿੱਖਿਆ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਨੇ ਵੀ ਇਸ ਮੌਕੇ ਟਵੀਟ ਕਰਕੇ ਕਿਹਾ, ‘‘ਕੀ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੱਸ ਸਕਦੇ ਹਨ ਕਿ ਬਾਦਲਾਂ ਦੇ ਨੇੜਲੇ ਸੁੱਚਾ ਸਿੰਘ ਨੂੰ ਜੇਲ੍ਹ ਸੁਪਰਡੈਂਟ ਕਿਉਂ ਲਾਇਆ ਜਿੱਥੇ ਮਜੀਠੀਆ ਬੰਦ ਹੈ। ਕੀ ਇਹ ਬਾਦਲਾਂ ਨਾਲ ਕਿਸੇ ਤਰਕੀਬ ਦਾ ਹਿੱਸਾ ਹੈ। ਕੀ ਇਹ ਬਦਲਾਅ ਹੈ ਜੋ ਪੰਜਾਬ ਚਾਹੁੰਦਾ ਹੈ।’’


ਇਹ ਵੀ ਪੜ੍ਹੋ: ਤਾਮਿਲਨਾਡੂ ਦੇ ਵਿਅਕਤੀ ਨੇ 1 ਰੁਪਏ ਦੇ ਸਿੱਕਿਆਂ ਨਾਲ ਖਰੀਦੀ ਆਪਣੀ ਡਰੀਮ ਬਾਈਕ, ਸਟੋਰ ਕਰਮੀਆਂ ਦੇ ਪੈਸੇ ਗਿਣਦੇ ਛੁੱਟੇ ਪਸੀਨੇ