ਚੰਡੀਗੜ੍ਹ/ਮੰਡੀ: ਸਿੱਖ ਸ਼ਰਧਾਲੂਆਂ ਦੇ ਦੋ ਪਹੀਆ ਤੇ ਚਾਰ ਪਹੀਆ ਵਾਹਨਾਂ 'ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਵਾਲੇ ਝੰਡਿਆਂ ਨੂੰ ਲੈ ਕੇ ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚਾਲੇ ਵਿਵਾਦ ਵਧਦਾ ਜਾ ਰਿਹਾ ਹੈ। ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਕਾਰਾਂ ਤੋਂ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਤਸਵੀਰ ਵਾਲੇ ਝੰਡੇ ਹਟਾਉਣ ਨੂੰ ਲੈ ਕੇ ਵਿਵਾਦਾਂ 'ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਠੋਸ ਕਦਮ ਚੁੱਕਿਆ ਹੈ। ਸ਼੍ਰੋਮਣੀ ਕਮੇਟੀ ਦਾ ਵਫ਼ਦ ਮੰਡੀ ਪੁੱਜਾ, ਜਿੱਥੇ ਉਨ੍ਹਾਂ ਸੂਬਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਿੰਡਰਾਂਵਾਲਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।


ਦਲਜੀਤ ਸਿੰਘ ਭਿੰਡਰ ਨੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਵਫ਼ਦ ਦੀ ਪ੍ਰਧਾਨਗੀ ਕੀਤੀ। ਡਾ: ਦਲਜੀਤ ਸਿੰਘ ਨੇ ਐਸਜੀਪੀਸੀ ਦੇ ਹੋਰ ਮੈਂਬਰਾਂ ਨਾਲ ਮੰਡੀ ਵਿਖੇ ਹਿਮਾਚਲ ਪ੍ਰਦੇਸ਼ ਪੁਲਿਸ ਦੇ ਏਡੀਜੀਪੀ, ਡੀਆਈਜੀ, ਡੀਐਸਪੀ ਰੈਂਕ ਦੇ ਪੁਲਿਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਗੱਲਬਾਤ ਕੀਤੀ।


ਉਨ੍ਹਾਂ ਨਿਸ਼ਾਨ ਸਾਹਿਬ ਨਾਲ ਸਬੰਧਤ ਤਾਜ਼ਾ ਘਟਨਾਵਾਂ ਅਤੇ ਭਿੰਡਰਾਂਵਾਲਾ ਦੀਆਂ ਤਸਵੀਰਾਂ ਸਬੰਧੀ ਜਾਣਕਾਰੀ ਪੁਲੀਸ ਅਧਿਕਾਰੀਆਂ ਨਾਲ ਸਾਂਝੀ ਕੀਤੀ, ਜਿਸ ਤੋਂ ਬਾਅਦ ਪੁਲੀਸ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਭਰੋਸਾ ਦਿੱਤਾ ਹੈ ਕਿ ਅਜਿਹੀ ਘਟਨਾ ਦੁਬਾਰਾ ਨਹੀਂ ਵਾਪਰੇਗੀ। ਜੇਕਰ ਪੁਲਿਸ ਤੋਂ ਇਲਾਵਾ ਕਿਸੇ ਨੇ ਵੀ ਸਿੱਖਾਂ ਦੇ ਝੰਡੇ ਨੀਵੇਂ ਕੀਤੇ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।


ਇਹ ਸੀ ਮਾਮਲਾ
ਕੁਝ ਦਿਨ ਪਹਿਲਾਂ ਪੰਜਾਬ ਦੇ ਕੁਝ ਨੌਜਵਾਨਾਂ ਨੂੰ ਹਿਮਾਚਲ ਦੇ ਬਿਲਾਸਪੁਰ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਗਿਆ ਸੀ। ਇਨ੍ਹਾਂ ਨੌਜਵਾਨਾਂ ਦੀਆਂ ਗੱਡੀਆਂ ਅਤੇ ਮੋਟਰਸਾਈਕਲਾਂ 'ਤੇ ਭਿੰਡਰਾਂਵਾਲਾ ਦੀਆਂ ਤਸਵੀਰਾਂ ਵਾਲੇ ਝੰਡੇ ਲੱਗੇ ਹੋਏ ਸਨ। ਇਸ ਦੇ ਮੱਦੇਨਜ਼ਰ ਬਿਲਾਸਪੁਰ ਪੁਲੀਸ ਨੇ ਡਰਾਈਵਰਾਂ ਖ਼ਿਲਾਫ਼ ਕਾਰਵਾਈ ਕੀਤੀ, ਜਿਸ ਕਾਰਨ ਗੁੱਸੇ ਵਿੱਚ ਆਏ ਪੰਜਾਬ ਦੇ ਕੁਝ ਲੋਕਾਂ ਨੇ ਹਿਮਾਚਲ ਨੰਬਰ ਦੀਆਂ ਗੱਡੀਆਂ ਨੂੰ ਕੀਰਤਪੁਰ ਵਿੱਚ ਰੋਕਣਾ ਸ਼ੁਰੂ ਕਰ ਦਿੱਤਾ ਤਾਂ ਵਿਵਾਦ ਵਧਦਾ ਗਿਆ।


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਬੀਤੇ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਵਾਲੇ ਝੰਡਿਆਂ ’ਤੇ ‘ਪਾਬੰਦੀ’ ਲਾਉਣ ਦੇ ਫੈਸਲੇ ’ਤੇ ਸਖ਼ਤ ਇਤਰਾਜ਼ ਜਤਾਇਆ ਸੀ।


ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਪੱਤਰ ਲਿਖਦਿਆਂ ਕਿਹਾ ਹੈ ਕਿ ਦੁਨੀਆਂ ਭਰ ਦੇ ਸਿੱਖ ਭਿੰਡਰਾਂਵਾਲੇ ਨੂੰ ਆਪਣਾ ਆਗੂ ਮੰਨਦੇ ਹਨ, ਜਿਸ ਨੂੰ ਅਕਾਲ ਵੱਲੋਂ ‘ਕੌਮੀ ਯੋਧਾ’ (community’s warrior) ਐਲਾਨਿਆ ਗਿਆ ਸੀ।


ਧਾਮੀ ਨੇ ਪੱਤਰ ਵਿੱਚ ਕਿਹਾ “ਮੀਡੀਆ ਰਿਪੋਰਟਾਂ ਤੋਂ, ਸਾਨੂੰ ਤੁਹਾਡੇ ਬਿਆਨ ਦਾ ਪਤਾ ਲੱਗਾ ਹੈ ਕਿ ਹਿਮਾਚਲ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਜਾਂ ਤਸਵੀਰ ਵਾਲੇ ਝੰਡੇ ਨਹੀਂ ਲੱਗਣ ਦਿੱਤੇ ਜਾਣਗੇ। ਅਸੀਂ ਲੋਕਤੰਤਰੀ ਭਾਰਤ, ਜੋ ਇੱਕ ਬਹੁ-ਧਰਮੀ ਦੇਸ਼ ਹੈ, ਵਿੱਚ ਰਾਜ ਦੇ ਮੁੱਖ ਮੰਤਰੀ ਵਜੋਂ ਤੁਹਾਡੇ ਵੱਲੋਂ ਦਿੱਤੇ ਗਏ ਇਸ ਬਿਆਨ 'ਤੇ ਆਪਣਾ ਸਖ਼ਤ ਇਤਰਾਜ਼ ਦਰਜ ਕਰਦੇ ਹਾਂ। ਦੇਸ਼ ਵਿੱਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਬਣਾਈ ਰੱਖਣ ਲਈ, ਰਾਜ ਦੇ ਮੁੱਖ ਮੰਤਰੀ ਵਜੋਂ, ਸਾਰੇ ਭਾਈਚਾਰਿਆਂ ਦੀਆਂ ਧਾਰਮਿਕ ਭਾਵਨਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਤੁਹਾਡਾ ਫਰਜ਼ ਹੈ।"


ਉਨ੍ਹਾਂ ਅੱਗੇ ਕਿਹਾ, “ਤੁਹਾਡੇ (ਜੈ ਰਾਮ) ਵੱਲੋਂ ਦਿੱਤੇ ਬਿਆਨ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਅਸੀਂ ਤੁਹਾਨੂੰ ਆਪਣੇ ਬਹੁਤ ਹੀ ਇਤਰਾਜ਼ਯੋਗ ਬਿਆਨ ਨੂੰ ਵਾਪਸ ਲੈਣ ਦੀ ਅਪੀਲ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਹਿਮਾਚਲ ਵਿੱਚ ਭਵਿੱਖ ਵਿੱਚ ਅਜਿਹਾ ਕੋਈ ਵਿਵਾਦ ਪੈਦਾ ਨਾ ਹੋਵੇ। ਪੰਜਾਬ ਤੋਂ ਹਰ ਸਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਿਮਾਚਲ ਵਿਖੇ ਆਉਂਦੇ ਹਨ ਅਤੇ ਹਾਲ ਹੀ ਵਿਚ ਕੁਝ ਸਮਾਜ ਵਿਰੋਧੀ ਅਨਸਰਾਂ ਨੇ ਹਿਮਾਚਲ ਪੁਲਿਸ ਅਧਿਕਾਰੀਆਂ ਦੀ ਮਦਦ ਨਾਲ ਕੁਝ ਸਿੱਖ ਨੌਜਵਾਨਾਂ ਦੇ ਰਸਤੇ ਵਿਚ ਰੁਕਾਵਟ ਪਾਈ ਅਤੇ ਕਾਨੂੰਨ ਨੂੰ ਹੱਥ ਵਿਚ ਲੈ ਕੇ ਭਿੰਡਰਾਂਵਾਲਿਆਂ ਦੀਆਂ ਫੋਟੋਆਂ ਵਾਲੇ ਝੰਡਿਆਂ ਨੂੰ ਜ਼ਬਰਦਸਤੀ ਉਤਾਰ ਦਿੱਤਾ।"