ਚੰਡੀਗੜ੍ਹ: ਕਾਂਗਰਸ ਅੰਦਰ ਸ਼ੁਰੂ ਹੋਇਆ ਕਲੇਸ਼ ਮੁੱਕਣ ਦੀ ਉਮੀਦ ਬੱਝੀ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵਿਚਾਲੇ ਕੁਝ ਗੱਲਾਂ ਨੂੰ ਲੈ ਕੇ ਸਮਝੌਤਾ ਹੋ ਗਿਆ ਹੈ। ਇਸ ਮਗਰੋਂ ਮੁੱਖ ਮੰਤਰੀ ਚੰਨੀ ਹੁਣ ਵੱਡਾ ਫੇਰਬਦਲ ਕਰ ਸਕਦੇ ਹਨ। ਸੂਤਰਾਂ ਅਨੁਸਾਰ ਮੁੱਖ ਮੰਤਰੀ ਚੰਨੀ ਤੇ ਨਵਜੋਤ ਸਿੱਧੂ ਵਿਚਾਲੇ ਵਿੱਚ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਤੇ ਐਡਵੋਕੇਟ ਜਨਰਲ ਏਪੀਐਸ ਦਿਉਲ ਦਾ ਮੁੱਦਾ ਕੇਂਦਰਿਤ ਰਿਹਾ।
ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਡੀਜੀਪੀ ਦੇ ਮਾਮਲੇ ’ਚ ਕੇਂਦਰੀ ਪੈਨਲ ਆਉਣ ਦੀ ਉਡੀਕ ਕਰਨ ਲਈ ਕਿਹਾ ਹੈ ਜਦੋਂਕਿ ਐਡਵੋਕੇਟ ਜਨਰਲ ਦੇ ਅਸਤੀਫੇ ਦਾ ਮੁੱਦਾ ਅੱਜ ਪੰਜਾਬ ਕੈਬਨਿਟ ਵਿੱਚ ਰੱਖਣ ਦੀ ਸਹਿਮਤੀ ਦਿੱਤੀ ਹੈ। ਮੀਟਿੰਗ ਵਿੱਚ ਐਡਵੋਕੇਟ ਜਨਰਲ ਏਪੀਐਸ ਦਿਓਲ ਵੱਲੋਂ ਦਿੱਤੇ ਅਸਤੀਫ਼ੇ ਨੂੰ ਪ੍ਰਵਾਨ ਕਰਨ ’ਤੇ ਸਹਿਮਤੀ ਬਣ ਗਈ ਹੈ।
ਦੱਸ ਦਈਏ ਕਿ ਨਵਜੋਤ ਸਿੱਧੂ ਨੇ ਚੰਨੀ ਸਰਕਾਰ ਖਿਲਾਫ ਖੁੱਲ੍ਹ ਕੇ ਮੋਰਚਾ ਖੋਲ੍ਹ ਦਿੱਤਾ ਸੀ। ਉਹ ਐਡਵੋਕੇਟ ਜਨਰਲ ਏਪੀਐਸ ਦਿਓਲ ਨੂੰ ਸਿੱਧਾ ਨਿਸ਼ਾਨਾ ਬਣਾ ਰਹੇ ਹਨ। ਮਾਮਲਾ ਉਦੋਂ ਵਧ ਗਿਆ ਜਦੋਂ ਦਿਓਲ ਨੇ ਸਿੱਧੂ ਖਿਲਾਫ ਹੀ ਸਖਤ ਸਵਾਲ ਉਠਾ ਦਿੱਤੇ। ਇਸ ਮਗਰੋਂ ਸਿੱਧੂ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਚੰਨੀ ਸਰਕਾਰ ਨੂੰ ਵੀ ਲਪੇਟੇ ਵਿੱਚ ਲੈ ਲਿਆ। ਸਿੱਧੂ ਨੂੰ ਪ੍ਰੈੱਸ ਕਾਨਫਰੰਸ ਤੋਂ ਥੋੜ੍ਹੀ ਦੇਰ ਬਾਅਦ ਹੀ ਚੰਨੀ ਤੇ ਸਿੱਧੂ ਵਿਚਾਲੇ ਮੀਟਿੰਗ ਹੋਈ।
ਦੋਵੇਂ ਆਗੂਆਂ ਵਿਚਕਾਰ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਤੇ ਕੈਬਨਿਟ ਮੰਤਰੀ ਪਰਗਟ ਸਿੰਘ ਵੀ ਹਾਜ਼ਰ ਸਨ। ਸੂਤਰਾਂ ਮੁਤਾਬਕ ਪੰਜਾਬ ਕੈਬਨਿਟ ਦੀ ਅੱਜ ਹੋ ਰਹੀ ਮੀਟਿੰਗ ਵਿੱਚ ਏਜੀ ਦਿਓਲ ਦੇ ਅਸਤੀਫ਼ੇ ’ਤੇ ਮੋਹਰ ਲੱਗ ਸਕਦੀ ਹੈ ਜਾਂ ਫਿਰ ਸੈਸ਼ਨ ਸਮਾਪਤੀ ਤੋਂ ਪਹਿਲਾਂ ਇਸ ਦਾ ਕੋਈ ਹੱਲ ਸਾਹਮਣੇ ਆ ਸਕਦਾ ਹੈ।
ਦੱਸ ਦਈਏ ਕਿ ਦਿਉਲ ਨੇ ਪਹਿਲੀ ਨਵੰਬਰ ਨੂੰ ਮੁੱਖ ਮੰਤਰੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ ਜੋ ਹਾਲੇ ਤੱਕ ਪ੍ਰਵਾਨ ਨਹੀਂ ਕੀਤਾ ਗਿਆ। ਸਿੱਧੂ ਨੇ ਇਸ ਮਾਮਲੇ ਨੂੰ ਲੈ ਕੇ ਚੰਨੀ ਸਰਕਾਰ ’ਤੇ ਦਬਾਅ ਬਣਾਉਣਾ ਸ਼ੁਰੂ ਕੀਤਾ ਸੀ।
ਇਹ ਵੀ ਪੜ੍ਹੋ: ਬੁੜੈਲ ਜੇਲ੍ਹ ਬਰੇਕ ਕੇਸ 'ਚ ਜਗਤਾਰ ਸਿੰਘ ਤਾਰਾ ਨੂੰ ਕੈਦ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/