ਚੰਡੀਗੜ੍ਹ : ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਖੇਤੀ ਮਸ਼ੀਨਰੀ ਦੀ ਖਰੀਦ ਵਿੱਚ 150 ਕਰੋੜ ਦੇ ਘੁਟਾਲੇ ਦਾ ਪਰਦਾਫਾਸ਼ ਹੋਇਆ ਹੈ। ਇਨ੍ਹਾਂ ਮਸ਼ੀਨਾਂ ਦੀ ਖਰੀਦ ਲਈ ਕੇਂਦਰ ਤੋਂ 1178 ਕਰੋੜ ਰੁਪਏ ਦੀ ਸਬਸਿਡੀ ਆਈ ਸੀ। ਸੂਬੇ 'ਚ 3 ਸਾਲਾਂ 'ਚ ਖਰੀਦੀਆਂ ਗਈਆਂ 11,275 ਮਸ਼ੀਨਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ। ਜਿਸ ਮਗਰੋਂ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਵਿਭਾਗੀ ਜਾਂਚ ਵਿੱਚ ਘਪਲੇ ਦੇ ਸਬੂਤ ਮਿਲਣ ਮਗਰੋਂ ਵਿਜੀਲੈਂਸ ਜਾਂਚ ਦੀ ਸਿਫ਼ਾਰਸ਼ ਕੀਤੀ ਹੈ। ਇਸ ਤੋਂ ਬਾਅਦ ਉਸ ਸਮੇਂ ਖੇਤੀਬਾੜੀ ਮੰਤਰਾਲਾ ਸੰਭਾਲ ਰਹੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਵੀ ਜਾਂਚ ਦੇ ਘੇਰੇ ਵਿੱਚ ਆ ਗਏ ਹਨ।



ਕੀ ਸੀ ਪੂਰਾ ਮਾਮਲਾ 

 

ਪੰਜਾਬ ਵਿੱਚ 2018-19 ਤੋਂ 2021-22 ਦੌਰਾਨ ਕਿਸਾਨਾਂ ਨੂੰ 90,422 ਮਸ਼ੀਨਾਂ ਵੰਡੀਆਂ ਗਈਆਂ ਸੀ। ਖੇਤੀ ਦੇ ਕੰਮਾਂ ਲਈ ਇਨ੍ਹਾਂ ਮਸ਼ੀਨਾਂ ਦੀ ਖਰੀਦ ਲਈ ਕੇਂਦਰ ਤੋਂ ਸਬਸਿਡੀ ਵੀ ਆਈ ਸੀ। ਆਮ ਆਦਮੀ ਪਾਰਟੀ (ਆਪ) ਦੇ ਸੱਤਾ ਵਿੱਚ ਆਉਂਦੇ ਹੀ ਮਸ਼ੀਨਾਂ ਦੀ ਖਰੀਦ ਵਿੱਚ ਘਪਲੇ ਦਾ ਪਰਦਾਫਾਸ਼ ਹੋਣਾ ਸ਼ੁਰੂ ਹੋ ਗਿਆ ਹੈ। ਖੇਤੀਬਾੜੀ ਮੰਤਰੀ ਨੇ ਜ਼ਿਲ੍ਹੇ ਦੇ ਖੇਤੀਬਾੜੀ ਅਧਿਕਾਰੀਆਂ ਤੋਂ ਮਸ਼ੀਨਾਂ ਦੀ ਫਿਜ਼ੀਕਲ ਆਡਿਟ ਕਰਵਾਈ। ਇਸ ਦੌਰਾਨ 3 ਜ਼ਿਲ੍ਹਿਆਂ ਵਿੱਚ ਮਸ਼ੀਨਾਂ ਦਾ ਰਿਕਾਰਡ ਨਹੀਂ ਮਿਲਿਆ। ਇਸ ਦੇ ਨਾਲ ਹੀ ਕੁਝ ਜ਼ਿਲ੍ਹਿਆਂ ਵਿੱਚ ਮਸ਼ੀਨਾਂ ਕਿਸ ਨੂੰ ਦਿੱਤੀਆਂ ਗਈਆਂ ਸਨ, ਇਸ ਦਾ ਪੂਰਾ ਰਿਕਾਰਡ ਵੀ ਨਹੀਂ ਮਿਲ ਸਕਿਆ। 13% ਮਸ਼ੀਨਾਂ ਗਾਇਬ ਪਾਈਆਂ ਗਈਆਂ। ਘੁਟਾਲੇ ਦੀ ਪੁਸ਼ਟੀ ਹੁੰਦੇ ਹੀ ਮੰਤਰੀ ਨੇ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ।

150 ਕਰੋੜ ਦੀ ਵਸੂਲੀ ਤੋਂ ਬਾਅਦ ਹੋਵੇਗੀ ਕਾਰਵਾਈ : ਮੰਤਰੀ


ਜਿਸ ਸਮੇਂ ਇਹ ਘੁਟਾਲਾ ਹੋਇਆ, ਉਸ ਸਮੇਂ ਖੇਤੀਬਾੜੀ ਮੰਤਰਾਲਾ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਸੀ। ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਮਸ਼ੀਨਾਂ ਦੀ ਸਹੀ ਵੰਡ ਨੂੰ ਯਕੀਨੀ ਬਣਾਉਣਾ ਵੀ ਕੈਪਟਨ ਦੀ ਜ਼ਿੰਮੇਵਾਰੀ ਸੀ। ਇਸ ਮਾਮਲੇ ਵਿੱਚ ਕੈਪਟਨ ਵੀ ਜਾਂਚ ਦੇ ਘੇਰੇ ਵਿੱਚ ਰਹਿਣਗੇ। ਜੇਕਰ ਲੋੜ ਪਈ ਤਾਂ ਉਨ੍ਹਾਂ ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਸਰਕਾਰ 150 ਕਰੋੜ ਰੁਪਏ ਦੀ ਵਸੂਲੀ ਕਰੇਗੀ ਅਤੇ ਜਾਂਚ ਦੌਰਾਨ ਦੋਸ਼ੀ ਵਿਅਕਤੀਆਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।