ਚੰਡੀਗੜ੍ਹ: ਖੇਤੀ ਕਾਨੂੰਨਾਂ 'ਤੇ ਪੰਜਾਬ ਬੀਜੇਪੀ ਬੁਰੀ ਤਰ੍ਹਾਂ ਘਿਰ ਗਈ ਹੈ। ਬੀਜੇਪੀ ਹਾਈਕਮਾਨ ਵੱਲੋਂ ਸੂਬੇ ਦੇ ਲੀਡਰਾਂ ਉਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਸੰਤੁਸ਼ਟ ਕੀਤਾ ਜਾਵੇ। ਦੂਜੇ ਪਾਸੇ ਹਾਲਾਤ ਇਹ ਹਨ ਕਿ ਕਿਸਾਨ ਬੀਜੇਪੀ ਲੀਡਰਾਂ ਦੀ ਗੱਲ ਸੁਣਨਾ ਤਾਂ ਇੱਕ ਪਾਸੇ ਰਿਹਾ ਸਗੋਂ ਉਨ੍ਹਾਂ ਦੇ ਆਪਣੇ ਵਰਕਰਾਂ ਨਾਲ ਮੀਟਿੰਗਾਂ ਦਾ ਵੀ ਘਿਰਾਓ ਕਰ ਰਹੇ ਹਨ। ਇਸ ਕਰਕੇ ਬੀਜੇਪੀ ਲੀਡਰ ਕਾਫੀ ਪ੍ਰਸ਼ਾਨ ਨਜ਼ਰ ਆ ਰਹੇ ਹਨ।

ਕਿਸਾਨਾਂ ਨੇ ਕਈ ਸੀਨੀਅਰ ਬੀਜੇਪੀ ਲੀਡਰਾਂ ਦੇ ਘਰਾਂ ਨੂੰ ਘੇਰੇ ਪਾਏ ਹੋਏ ਹਨ। ਪਿਛਲੇ ਦਿਨੀਂ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਕਾਰ ਤੋੜ ਦਿੱਤੀ ਗਈ। ਅੱਜ ਮੁਕਤਸਰ ਵਿਖੇ ਸਾਬਕਾ ਮੰਤਰੀ ਵਿਜੇ ਸਾਂਪਲਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਾਂਪਲਾ ਨੇ ਜਲਾਲਾਬਾਦ ਜਾਣਾ ਸੀ ਪਰ ਕਿਸਾਨਾਂ ਨੇ ਘੇਰ ਲਿਆ। ਸਾਂਪਲਾ ਵੀ ਸਾਥੀਆਂ ਨਾਲ ਧਰਨੇ ਉੱਪਰ ਬੈਠ ਗਏ। ਹਾਲਾਤ ਵਿਗੜਦੇ ਵੇਖ ਪੁਲਿਸ ਨੇ ਸਾਂਪਲਾ ਨੂੰ ਹਿਰਾਸਤ ਵਿੱਚ ਲੈ ਲਿਆ।

ਬੁੱਧਵਾਰ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਟੁੱਟਣ ਮਗਰੋਂ ਬੀਜੇਪੀ ਲੀਡਰ ਸਿੱਧੇ ਹੀ ਕਿਸਾਨ ਜਥੇਬੰਦੀਆਂ ਦੇ ਨਿਸ਼ਾਨੇ ਉੱਪਰ ਆ ਗਏ ਹਨ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਬੀਜੇਪੀ ਲੀਡਰਾਂ ਨੂੰ ਕੋਈ ਸਰਗਰਮੀ ਨਹੀਂ ਕਰਨ ਦਿੱਤੀ ਜਾਵੇਗੀ। ਉਧਰ, ਕੇਂਦਰ ਸਰਕਾਰ ਨੇ ਆਪਣੇ ਮੰਤਰੀਆਂ ਦੀ ਡਿਊਟੀ ਲਾਈ ਹੈ ਕਿ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖਿਲਾਫ ਸਮਝਾਇਆ ਜਾਵੇ। ਇਨ੍ਹਾਂ ਵਰਚੁਅਲ ਮੀਟਿੰਗਾਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸਥਾਨਕ ਲੀਡਰਾਂ ਦੀ ਹੈ। ਹਾਲਾਤ ਇਹ ਹਨ ਕਿ ਬੀਜੇਪੀ ਦੀਆਂ ਇਨ੍ਹਾਂ ਮੀਟਿੰਗਾਂ ਵਿੱਚ ਕਿਸਾਨ ਤਾਂ ਦੂਰ ਆਪਣੇ ਵਰਕਰ ਵੀ ਜਾਣ ਤੋਂ ਝਿਜਕ ਰਹੇ ਹਨ।

ਹੁਣ ਕਿਸਾਨਾਂ ਨੂੰ ਜਿੱਥੇ ਵੀ ਮੀਟਿੰਗ ਦਾ ਪਤਾ ਲੱਗਦਾ ਹੈ ਤਾਂ ਉਹ ਘਿਰਾਓ ਕਰ ਦਿੰਦੇ ਹਨ। ਇਸ ਲਈ ਸਥਾਨਕ ਲੀਡਰਾਂ ਲਈ ਮੀਟਿੰਗ ਦਾ ਪ੍ਰਬੰਧ ਕਰਨਾ ਮੁਸੀਬਤ ਬਣ ਗਿਆ ਹੈ। ਇਹ ਵੀ ਰਿਪੋਰਟਾਂ ਆਈਆਂ ਹਨ ਕਿ ਕਈ ਥਾਵਾਂ 'ਤੇ ਬੀਜੇਪੀ ਲੀਡਰਾਂ ਨੇ ਮੀਟਿੰਗ ਵਿੱਚ ਕਿਸਾਨਾਂ ਦੀ ਥਾਂ ਮਜ਼ਦੂਰਾਂ ਤੇ ਪੱਲੇਦਾਰਾਂ ਨੂੰ ਬਿਠਾਇਆ। ਲੰਘੇ ਦਿਨ ਸੰਗਰੂਰ ਵਿੱਚ ਕੁਝ ਲੋਕਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਤਾਂ ਪੱਲੇਦਾਰ ਹਨ।

ਦੱਸ ਦਈਏ ਕਿ ਬੀਜੇਪੀ ਦਾ ਵੋਟ ਬੈਂਕ ਸ਼ਹਿਰਾਂ ਵਿੱਚ ਹੀ ਹੈ। ਇਸ ਲਈ ਸ਼ੁਰੂ ਵਿੱਚ ਮੰਨਿਆ ਜਾਂਦਾ ਸੀ ਕਿ ਪਾਰਟੀ ਨੂੰ ਕੋਈ ਬਹੁਤਾ ਨੁਕਸਾਨ ਨਹੀਂ ਹੋਏਗਾ। ਹੁਣ ਕਿਸਾਨਾਂ ਦਾ ਅੰਦੋਲਨ ਆਮ ਲੋਕਾਂ ਦਾ ਸੰਘਰਸ਼ ਬਣ ਗਿਆ ਹੈ। ਮੁਲਾਜ਼ਮ, ਮਜ਼ਦੂਰ, ਦੁਕਾਨਦਾਰ, ਆੜ੍ਹਤੀਏ ਤੇ ਛੋਟੇ ਕਾਰੋਬਾਰੀ ਵੀ ਕਿਸਾਨਾਂ ਨਾਲ ਹਮਦਰਦੀ ਰੱਖਣ ਲੱਗੇ ਹਨ। ਇੱਥੋਂ ਤੱਕ ਗਾਇਕ ਤੇ ਕਲਾਕਾਰ ਵੀ ਕਿਸਾਨਾਂ ਨਾਲ ਡਟ ਗਏ ਹਨ। ਅਜਿਹੇ ਵਿੱਚ ਬੀਜੇਪੀ ਬਿੱਲਕੁਲ ਅਲੱਗ-ਥਲੱਗ ਹੋ ਗਈ ਹੈ।