ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਵੱਲੋਂ ਅੱਜ ਪੰਜਾਬ ਬੰਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਪੱਧਰ 'ਤੇ ਚੱਕਾ ਜਾਮ ਕਰ ਰਿਹਾ ਹੈ। ਅਕਾਲੀ ਦਲ ਦੇ ਇਸ ਐਕਸ਼ਨ ਤੋਂ ਕਿਸਾਨ ਖਫਾ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਦੀ ਬਜਾਏ ਅਕਾਲੀ ਦਲ ਸਿਆਸਤ ਕਰ ਰਿਹਾ ਹੈ।

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਕਿਸਾਨ ਅੰਦੋਲਨ ਦੇ ਬਰਾਬਰ ਮੁਕਾਬਲਾ ਕਰਨ ਵਾਂਗ ਕੀਤਾ ਫ਼ੈਸਲਾ ਕਿਸਾਨ ਧਿਰਾਂ ਨੂੰ ਰੜਕਦਾ ਰਹੇਗਾ। ਰਾਜੇਵਾਲ ਨੇ ਕਿਹਾ ਕਿ 25 ਸਤੰਬਰ ਦੇ ਪੰਜਾਬ ਬੰਦ ਦਾ ਫੈਸਲਾ ਬਹੁਤ ਪਹਿਲਾਂ ਲਿਆ ਗਿਆ ਸੀ। ਉਨ੍ਹਾਂ ਦੁੱਖ ਜ਼ਾਹਰ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਅੰਦੋਲਨ ਦੀ ਹਮਾਇਤ ਵੀ ਮੁਕਾਬਲੇਬਾਜ਼ੀ ਵਾਂਗ ਕੀਤੀ ਹੈ ਤੇ ਕਿਸਾਨ ਅੰਦੋਲਨ ਦੇ ਮੁਕਾਬਲੇ ਹੀ ਥਾਂ ਥਾਂ ਵੱਖਰੇ ਜਾਮ ਲਾਉਣ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਅਪੀਲ ਕੀਤੀ ਕਿ ਅਕਾਲੀ ਆਗੂ ਇੰਜ ਨਾ ਕਰਨ ਤੇ ਜੇਕਰ ਉਨ੍ਹਾਂ ਨੂੰ ਇਸ ਅੰਦੋਲਨ ਨਾਲ ਹਮਦਰਦੀ ਹੈ ਤਾਂ ਆਪਣੇ ਭਾਈਵਾਲ ਭਾਜਪਾ ਉੱਤੇ ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਲਈ ਦਬਾਅ ਪਾਉਣ। ਊਨ੍ਹਾਂ ਭਾਜਪਾ ਵਿੱਚ ਬੈਠੇ ਕਿਸਾਨ ਪਰਿਵਾਰਾਂ ਨਾਲ ਸਬੰਧਤ ਲੀਡਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਛੱਡ ਕੇ ਕਿਸਾਨਾਂ ਨਾਲ ਰਲ ਜਾਣ ਤੇ ਭਾਜਪਾ ਦੇ ਕੂੜ ਪ੍ਰਚਾਰ ਦੇ ਭਾਈਵਾਲ ਨਾ ਬਣਨ।

ਉਨ੍ਹਾਂ ਕਿਹਾ ਕਿ ਇਹ ਅੰਦੋਲਨ ਹੁਣ ਪੰਜਾਬ ਤੇ ਹਰਿਆਣਾ ਤੱਕ ਸੀਮਤ ਨਹੀਂ ਰਿਹਾ ਤੇ ਇਹ ਹੁਣ ਰਾਜਸਥਾਨ, ਯੂਪੀ, ਮੱਧ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਉੜੀਸਾ, ਛੱਤੀਸਗੜ੍ਹ ਤੇ ਹੋਰ ਸੂਬਿਆਂ ’ਚ ਵੀ ਪ੍ਰਚੰਡ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਸਾਰੇ ਦੇਸ਼ ’ਚ ਅੰਦੋਲਨ ਦਾ ਐਲਾਨ ਕਰਨਗੀਆਂ।